ਹੁਣ ਆਦਮਪੁਰ ਏਅਰਪੋਰਟ ਤੋਂ ਮੁੰਬਈ ਤੇ ਜੈਪੁਰ ਲਈ ਵੀ ਚੱਲੇਗੀ ਫਲਾਈਟ

by mediateam

ਜਲੰਧਰ — ਆਦਮਪੁਰ ਏਅਰਪੋਰਟ ਤੋਂ ਦਿੱਲੀ ਤੋਂ ਇਲਾਵਾ ਮੁੰਬਈ ਅਤੇ ਜੈਪੁਰ ਲਈ ਵੀ ਉਡਾਣ ਜਲਦ ਸ਼ੁਰੂ ਹੋਵੇਗੀ। ਸਪਾਈਸਜੈੱਟ ਨੂੰ ਕੇਂਦਰੀ ਸਿਵਲ ਐਵੀਏਸ਼ਨ ਮਿਨਿਸਟਰੀ ਤੋਂ ਮੰਨਜ਼ੂਰੀ ਮਿਲ ਗਈ ਹੈ। ਦੋਆਬਾ ਦੇ ਲੋਕ ਹੁਣ ਸਿੱਧੀ ਉਡਾਣ ਨਾਲ ਦਿੱਲੀ, ਜੈਪੁਰ ਅਤੇ ਮੁੰਬਈ ਜਾ ਸਕਣਗੇ। ਸਪਾਈਸਜੈੱਟ ਨੂੰ ਉਡਾਣ ਸ਼ੁਰੂ ਕਰਨ ਦੇ ਲਈ ਕਿਹਾ ਗਿਆ ਹੈ। ਕੁਝ ਟੈਕਨੀਕਲ ਵਰਕ ਤੋਂ ਬਾਅਦ ਸਪਾਈਸਜੈੱਟ ਫਲਾਈਟ ਸ਼ੁਰੂ ਕਰੇਗਾ। ਇਸ ਨਾਲ ਸ਼ਹਿਰ ਦੀ ਇੰਡਸਟਰੀ ਨੂੰ ਵੀ ਫਾਇਦਾ ਹੋਵੇਗਾ ਅਤੇ ਦੋਆਬਾ ਦੀ ਡਿਵੈੱਲਪਮੈਂਟ ਵੀ ਵਧੇਗੀ। ਏਅਰਪੋਰਟ ਅਥਾਰਿਟੀ ਵੱਲੋਂ ਕਈ ਮਹੀਨਿਆਂ ਤੋਂ ਨਵੇਂ ਸਿਵਲ ਏਅਰ ਟਰਮੀਨਲ ਨੂੰ ਵੱਡਾ ਕਰਨ ਅਤੇ ਹਵਾਈ ਜਹਾਜ ਦਾ ਨਵਾਂ ਪਾਰਕਿੰਗ ਪਲੇਸ ਬਣਾਉਣ ਦਾ ਕੰਮ ਚੱਲ ਰਿਹਾ ਹੈ। ਆਦਮਪੁਰ ਏਅਰਪੋਰਟ ਲਈ ਕਰੀਬ 115 ਕਰੋੜ ਰੁਪਏ ਮੰਤਰਾਲਾ ਵੱਲੋਂ ਖਰਚ ਕੀਤੇ ਜਾ ਰਹੇ ਹਨ। ਯਾਤਰੀਆਂ ਨੂੰ ਜ਼ਿਆਦਾ ਸਹੁਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। 

ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਪਿਛਲੇ ਦਿਨੀਂ ਆਦਮਪੁਰ ਏਅਰਪੋਰਟ ਅਥਾਰਿਟੀ ਅਤੇ ਪੀ. ਡਬਲਿਊ. ਡੀ. ਨਾਲ ਸਾਂਝੀ ਮੀਟਿੰਗ ਕਰਕੇ ਏਅਰਪੋਰਟ ਤੱਕ ਦੀ 3.50 ਕਿਲੋਮੀਟਰ ਸੜਕ ਨੂੰ ਫੋਰਲੇਨ ਕਰਨ ਦਾ ਪ੍ਰਸਤਾਵ ਦਿੱਤਾ ਸੀ। ਡੀ. ਸੀ. ਨੇ ਕਿਹਾ ਸੀ ਆਦਮਪੁਰ ਹਵਾਈ ਅੱਡੇ ਤੱਕ ਜਾਣ ਵਾਲਿਆਂ ਲਈ ਆਸਾਨ ਅਤੇ ਆਰਾਮਦਾਇਕ ਰਸਤੇ ਲਈ ਸਿੰਗਲ ਸੜਕ ਨੂੰ ਫੋਰਲੇਨ ਦਾ ਨਿਰਮਾਣ ਕੰਮ ਕੀਤਾ ਜਾਵੇਗਾ। ਇਸ ਨਾਲ ਸਮਾਂ, ਪੈਸਾ ਅਤੇ ਊਰਜਾ ਦੀ ਬਚਤ ਹੋਵੇਗੀ। ਦੱਸ ਦੇਈਏ ਕਿ ਅਜੇ ਏਅਰਪੋਰਟ ਜਾਣ ਵਾਲਿਆਂ ਨੂੰ 8 ਕਿਲੋਮੀਟਰ ਦੀ ਦੂਰੀ ਤੈਅ ਕਰਨ ਪੈਂਦੀ ਹੈ। ਆਦਮਪੁਰ ਤੋਂ ਮੇਹਟਿਆਣਾ ਵੱਲੋਂ 1.5 ਕਿਲੋਮੀਟਰ ਦੀ ਦੂਰੀ 'ਤੇ ਫੋਰਲੇਨ ਅਤੇ ਨਹਿਰ ਦੇ ਕੰਢੇ 2 ਕਿਲੋਮੀਟਰ ਦੇ ਨਵੇਂ ਫੋਰਲੇਨ ਦਾ ਨਿਰਮਾਣ ਕਰਨ ਤੋਂ ਬਾਅਦ ਆਦਮਪੁਰ-ਹੁਸ਼ਿਆਰਪੁਰ ਰੋਡ 'ਤੇ ਰੇਲਵੇ ਕ੍ਰਾਸਿੰਗ ਤੋਂ ਪਹਿਲਾਂ ਲੇਨ ਸੜਕ ਤੋਂ ਏਅਰਪੋਰਟ ਦਾ ਸਫਰ ਹੋਰ ਆਰਾਮਦਾਇਕ ਹੋਵੇਗਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।