by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਵੀਡੀਓ ਉਸ ਲਈ ਲਗਾਤਾਰ ਮੁਸੀਬਤ ਬਣਦੀ ਜਾ ਰਹੀ ਹੈ, ਜਿਸ ’ਚ ਉਹ ਦਾੜ੍ਹੀ-ਮੁੱਛਾਂ ਦਾ ਮਜ਼ਾਕ ਉਡਾ ਰਹੀ ਹੈ। ਹੁਣ ਰਾਸ਼ਟਰੀ ਘੱਟਗਿਣਤੀ ਕਮਿਸ਼ਨ ਨੇ ਇਸ ਮਾਮਲੇ ’ਚ ਦਖ਼ਲ ਦਿੱਤਾ ਹੈ। ਕਮਿਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਨੇ ਦਖ਼ਲ ਦਿੰਦਿਆਂ ਪੰਜਾਬ ਤੇ ਮਹਾਰਾਸ਼ਟਰ ਦੇ ਮੁੱਖ ਸਕੱਤਰ ਨੂੰ ਨੋਟਿਸ ਭੇਜ ਕੇ ਰਿਪੋਰਟ ਮੰਗੀ ਹੈ।
ਭਾਰਤੀ ਸਿੰਘ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ ਹੈ। ਲੋਕਾਂ ਨੇ ਦਾਅਵਾ ਕੀਤਾ ਕਿ ਭਾਰਤੀ ਨੇ ਜੋ ਚੁਟਕੁਲੇ ਬਣਾਏ ਹਨ, ਉਹ ਸਿੱਖ ਭਾਈਚਾਰੇ ਪ੍ਰਤੀ ਅਪਮਾਨਜਨਕ ਸਨ। ਹਾਲਾਂਕਿ ਇਸ ਮਾਮਲੇ ’ਤੇ ਭਾਰਤੀ ਸਿੰਘ ਨੇ ਵੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਸ ਦਾ ਇਰਾਦਾ ਕਿਸੇ ਭਾਈਚਾਰੇ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਉਸ ਨੇ ਇਸ ਲਈ ਮੁਆਫ਼ੀ ਵੀ ਮੰਗੀ ਤੇ ਸਾਰਿਆਂ ਨੂੰ ਬੇਨਤੀ ਕੀਤੀ ਕਿ ਉਹ ਉਸ ਦੇ ਸ਼ਬਦਾਂ ਨੂੰ ਗਲਤ ਨਾ ਸਮਝਣ।