ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਵਿਖੇ ਕਮਿਸ਼ਨਰੇਟ ਪੁਲਿਸ ਵਲੋਂ ਜੌਹਲ ਮਾਰਕਿਟ ਵਿਖੇ ਕਾਰ ਖੋਹਣ ਦੇ ਮਸਲੇ ਨੂੰ ਸੁਲਝਾ ਲਿਆ ਗਿਆ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਹੁੰਡਈ ਕਰੇਟਾ ਕਾਰ ਜਿਸ ਦਾ ਨੰਬਰ ਪੀਬੀ 08 ਥਈ 5400 ਸੀ ਨੂੰ ਸਨੈਚਰਾਂ ਵਲੋਂ ਬੰਦੂਕ ਦੀ ਨੋਕ ’ਤੇ ਜੌਹਲ ਮਾਰਕਿਟ ਨੇੜੇ ਸਾਂਝਾ ਚੁੱਲਾ ਤੋਂ ਖੋਹ ਲਿਆ ਗਿਆ ਸੀ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਅਫ਼ਸਰਾਂ ਦੀ ਟੀਮ ਦਾ ਗਠਨ ਕੀਤਾ ਗਿਆ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗੁਪਤ ਇਤਲਾਹ ਦੇ ਅਧਾਰ ’ਤੇ ਪੁਲਿਸ ਵਲੋਂ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਮੁੱਖ ਦੋਸ਼ੀ ਰਛਪਾਲ ਸਿੰਘ ਉਰਫ਼ ਭੋਲਾ ਪੁੱਤਰ ਲੇਟ ਸ਼ਿੰਗਾਰਾ ਸਿੰਘ ਵਾਸੀ ਪਿੰਡ ਦੌਲੇਵਾਲਾ ਨੂੰ ਉਸ ਦੇ ਜੱਦੀ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ਼ ਪੁਲਿਸ ਸਟੇਸ਼ਨ ਸ਼ਾਹਕੋਟ 'ਤੇ ਕੋਟ ਈਸੇ ਖਾਨ ਵਿਖੇ ਦੋ ਐਫ.ਆਈ.ਆਰ. ਪਹਿਲਾਂ ਹੀ ਐਨ.ਡੀ.ਪੀ.ਐਸ.ਐਕਟ ਅਤੇ ਸਨੈਚਿੰਗ ਸਬੰਧੀ ਬਕਾਇਆ ਪਈਆਂ ਹੋਈਆਂ ਹਨ।
ਤੂਰ ਨੇ ਦੱਸਿਆ ਕਿ ਮੁਲਜ਼ਮ ਦਾ ਭਰਾ ਦਿਆਲ ਸਿੰਘ ਪਹਿਲਾਂ ਹੀ ਐਨ.ਡੀ.ਪੀ.ਐਸ.ਐਕਟ ਦੇ ਤਹਿਤ ਜੇਲ੍ਹ ਅੰਦਰ ਹੈ 'ਤੇ ਮਾਤਾ ਬਲਜਿੰਦਰ ਕੌਰ ਦੇ ਖਿਲਾਫ਼ ਵੀ ਐਨ.ਡੀ.ਪੀ.ਐਸ.ਐਕਟ ਤਹਿਤ ਐਫ.ਆਈ.ਆਰ.ਦਰਜ ਹੋ ਚੁੱਕੀ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਕੇਸ ਵਿੱਚ ਲੋੜੀਂਦੇ ਦੋ ਹੋਰ ਮੁਲਜ਼ਮਾਂ ਮਨਜਿੰਦਰ ਸਿੰਘ ਉਰਫ਼ ਕਾਲੂ 'ਤੇ ਲਖਵਿੰਦਰ ਸਿੰਘ ਉਰਫ਼ ਲੱਖੂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਪਾਸੋਂ ਦੇਸੀ ਹਥਿਆਰ ਅਤੇ ਪੰਜ ਜਿੰਦਾ ਰੌਂਦ ਸਮੇਤ ਖੋਹੀ ਹੋਈ ਕਾਰ ਬਰਾਮਦ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਿਸ ਪੁਲਿਸ ਟੀਮ ਨੇ ਇਸ ਕੇਸ ਨੂੰ ਸੁਲਝਾਇਆ ਹੈ ਉਸ ਨੂੰ ਜਲਦ ਹੀ ਉਚਿੱਤ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।