ਮਜੀਠਾ (ਦੇਵ ਇੰਦਰਜੀਤ) : ਪੰਜਾਬ ’ਚ ਸਰਕਾਰ ਬਨਾਉਣ ਦੇ ਸੁਪਨੇ ਦੇਖ ਰਹੇ ‘ਆਪ’ ਵਾਲੇ 2022 ਦੀਆਂ ਚੋਣਾ ’ਚ ਮੁੜ ਹੱਥ ਮਲਦੇ ਰਹਿ ਜਾਣਗੇ ਕਿਉਂਕਿ ਅਰਵਿੰਦ ਕੇਜਰੀਵਾਲ ਦੀਆਂ ਚਾਲਾਂ ਨੂੰ ਲੋਕ ਹੁਣ ਚੰਗੀ ਤਰ੍ਹਾਂ ਨਾਲ ਸਮਝਣ ਲੱਗ ਪਏ ਹਨ। ਇਹ ਵਿਚਾਰ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਭੇਜ ਸਿੰਘ ਸਿੱਧੂ ਦੇ ਭਰਾ ਗੁਰਪ੍ਰੀਤ ਸਿੰਘ ਸਿੱਧੂ ਜੋ ਕਿ ‘ਆਪ’ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਸ਼ਾਮਲ ਹੋ ਗਏ ਹਨ ਦਾ ਸਵਾਗਤ ਕਰਦਿਆਂ ਪ੍ਰਗਟਾਏ।
ਗਿਰਗਿਟ ਵਾਂਗ ਰੰਗ ਬਦਲਣ ’ਚ ਮਾਹਰ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਅਗਾਮੀ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਲੋਕਾਂ ਨੂੰ ਭਰਮਾਉਣ ਵਾਸਤੇ ਇਕ ਪਾਸੇ 300 ਯੂਨਿਟ ਫ੍ਰੀ ਬਿਜਲੀ ਦੇਣ ਦੀਆ ਗੱਲਾਂ ਕੀਤੀਆ ਜਾ ਰਹੀਆ ਹਨ ਤੇ ਦੂਜੇ ਪਾਸੇ ਪੰਜਾਬ ਦੇ ਪਾਵਰ ਪਲਾਂਟ ਬੰਦ ਕਰਵਾਉਣ ਲਈ ਵੀ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ।ਮਜੀਠੀਆ ਨੇ ਕਿਹਾ ਕਿ ਕਿੱਢੀ ਹਾਸੋਹੀਣੀ ਗੱਲ ਹੈ ਕਿ ਪੰਜਾਬ ਦੇ ਪਾਵਰ ਪਲਾਂਟ ਬੰਦ ਕਰਵਾਉਣ ਦੀਆ ਸਾਜਿਸ਼ਾਂ ਰੱਚਣ ਵਾਲਾ ਕੇਜਰੀਵਾਲ ਪੰਜਾਬ ਦੇ ਹੀ ਲੋਕਾਂ ਨੂੰ ਫਰੀ ਬਿਜਲੀ ਦੇਣ ਦੇ ਝੂਠੇ ਸਬਜਬਾਗ ਦਿਖਾ ਰਿਹਾ ਹੈ।ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਦਾ ਪੰਜਾਬ ਵਿਰੋਧੀ ਚਿਹਰਾ ਜਨਤਾ ਦੀ ਕਚਿਹਰੀ ’ਚ ਨੰਗਾ ਹੋਣ ਤੋਂ ਬਾਅਦ ਸੂਬੇ ਦੇ ਲੋਕਾਂ ਨੇ ਹੁਣ ‘ਆਪ’ ਤੋਂ ਮੂੰਹ ਫੇਰਨਾ ਸ਼ੁਰੂ ਕਰ ਦਿਤਾ ਹੈ। ਇਸ ਸਮੇਂ ਮੇਜਰ ਸ਼ਿਵਚਰਨ ਸਿੰਘ ਸ਼ਿਵੀ, ਲਖਬੀਰ ਸਿੰਘ ਲੱਖਾ, ਰਾਕੇਸ਼ ਪ੍ਰਾਸ਼ਰ, ਤਰਸੇਮ ਸਿੰਘ ਮੱਝਵਿੰਡ ਤੇ ਹੋਰ ਵੀ ਬਹੁਤ ਸਾਰੀਆਂ ਸਖਸ਼ੀਅਤਾਂ ਹਾਜ਼ਰ ਸਨ।