ਲੁਧਿਆਣਾ ਤੋਂ ਆਪ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਨੇ ਨਾਮਜ਼ਦਗੀ ਕੀਤੀ ਦਾਖਿਲ ਕਿਹਾ13-0 ਨਾਲ ‘ਆਪ’ ਦੀ ਹੋਵੇਗੀ ਹੂੰਝਾ ਫੇਰ ਜਿੱਤ
ਪੱਤਰ ਪ੍ਰੇਰਕ : ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਨੇ ਆਪਣੀ ਨਾਮਜ਼ਦਗੀ ਸਾਥੀਆਂ ਨਾਲ ਪਹੁੰਚ ਕੇ ਦਰਜ ਕਰਵਾਈ। ਇਸ ਦੌਰਾਨ ਉਨ੍ਹਾਂ ਆਖਿਆ ਕਿ ਵਿਰੋਧੀਆਂ ਦੀ ਕੋਈ ਚਾਲ ਨਹੀਂ ਚੱਲੇਗੀ ਅਤੇ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਹੂੰਝਾ ਫੇਰ ਜਿੱਤ ਦਰਜ ਕਰੇਗੀ।
ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਦਾ ਦਿਨ ਨਾਮਜਦਗੀਆਂ ਦੇ ਨਾਂ ਰਿਹਾ। ਕਾਂਗਰਸ ਅਤੇ ਅਕਾਲੀ ਦਲ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਵੱਲੋਂ ਅੱਜ ਨਾਮਜ਼ਦਗੀ ਭਰੀ ਗਈ ਹੈ। ਇਸ ਦੌਰਾਨ ਉਹਨਾਂ ਦੇ ਨਾਲ ਲੁਧਿਆਣਾ ਤੋਂ ਦੋ ਵਿਧਾਨ ਸਭਾ ਹਲਕਿਆਂ ਦੇ ਵਿਧਾਇਕ ਵੀ ਮੌਜੂਦ ਰਹੇ। ਹਾਲਾਂਕਿ ਸੀਐੱਮ ਭਗਵੰਤ ਮਾਨ ਵੀ ਲੁਧਿਆਣੇ ਦੇ ਵਿੱਚ ਸਨ ਪਰ ਉਹ ਮਰਹੂਮ ਕਵੀ ਸੁਰਜੀਤ ਪਾਤਰ ਦੇ ਅੰਤਿਮ ਸਸਕਾਰ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵਾਪਸ ਪਰਤ ਗਏ। ਦੂਜੇ ਪਾਸੇ ਆਪ ਉਮੀਦਵਾਰ ਅਸ਼ੋਕ ਪਰਾਸ਼ਰ ਨੇ ਨੇ ਕਿਹਾ ਕਿ ਅੱਜ ਵੱਡਾ ਰੋਡ ਸ਼ੋਅ ਉਨ੍ਹਾਂ ਕਰਨਾ ਸੀ ਪਰ ਸਾਡੇ ਪੰਜਾਬ ਦੀ ਸ਼ਾਨ ਅਤੇ ਸਾਡੇ ਸਾਹਿਤ ਦੇ ਇੱਕ ਵੱਡੇ ਨਾਂਅ ਸੁਰਜੀਤ ਪਾਤਰ ਦਾ ਦੇਹਾਂਤ ਹੋ ਗਿਆ ਅਤੇ ਉਹਨਾਂ ਦਾ ਅੰਤਿਮ ਸਸਕਾਰ ਸੀ। ਇਸੇ ਕਰਕੇ ਅਸੀਂ ਕੋਈ ਵੱਡਾ ਰੋਡ ਸ਼ੋਅ ਨਹੀਂ ਕੀਤਾ।
ਵੜਿੰਗ ਦਾ ਵਿਰੋਧ ਜਾਇਜ਼: 1984 ਕਤਲੇਆਮ ਦੇ ਪੀੜਤਾਂ ਵੱਲੋਂ ਲਗਾਤਾਰ ਹੋ ਰਹੇ ਕਾਂਗਰਸੀ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਦੇ ਵਿਰੋਧ ਬਾਰੇ ਉਹਨਾਂ ਕਿਹਾ ਕਿ ਵਿਰੋਧ ਸਹੀ ਹੋ ਰਿਹਾ ਹੈ ਕਿਉਂਕਿ ਲੋਕਾਂ ਦੇ ਜ਼ਖ਼ਮ ਹਾਲੇ ਵੀ ਅੱਲੇ ਹਨ। ਉਹਨਾਂ ਨੂੰ ਹੁਣ ਤੱਕ ਇਨਸਾਫ ਨਹੀਂ ਮਿਲ ਸਕਿਆ ਹੈ, ਉੱਥੇ ਹੀ ਸਿੱਧੂ ਮੂਸੇਵਾਲੇ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਉਸ ਦੇ ਜਾਣ ਦਾ ਦੁੱਖ ਸਭ ਨੂੰ ਹੈ ਇਕੱਲੇ ਰਾਜਾ ਵੜਿੰਗ ਨੂੰ ਨਹੀਂ।
13-0 ਨਾਲ ਹੂੰਝਾ ਫੇਰ ਜਿੱਤ: ਇਸ ਦੌਰਾਨ ਅਸ਼ੋਕ ਪਰਾਸ਼ਰ ਨੇ ਕਿਹਾ ਕਿ ਪੰਜਾਬ ਵਿੱਚ 13-0 ਨਾਲ ਲੋਕ ਆਮ ਆਦਮੀ ਪਾਰਟੀ ਨੂੰ ਫਤਵਾ ਦੇਣਗੇ ਕਿਉਂਕਿ ਅਸੀਂ ਕੰਮਾਂ ਦੀ ਗੱਲ ਕੀਤੀ ਹੈ। ਸਿਮਰਜੀਤ ਬੈਂਸ ਨੂੰ ਲੈ ਕੇ ਉਹਨਾਂ ਕਿਹਾ ਕਿ ਪਹਿਲਾਂ 10 ਸਾਲ ਤੱਕ ਮੈਂਬਰ ਪਾਰਲੀਮੈਂਟ ਰਹਿਣ ਵਾਲਾ ਜੇਕਰ ਕੁਝ ਕਰ ਨਹੀਂ ਸਕਿਆ ਤਾਂ ਬੈਂਸ ਕੀ ਕਰਨਗੇ। ਉਹਨਾਂ ਕਿਹਾ ਕਿ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਸਟੇਜ ਉੱਤੇ ਜੱਫੀਆਂ ਪਾਉਂਦੇ ਹਨ ਅਤੇ ਉਸੇ ਸਟੇਜ ਤੋਂ ਥੱਲੇ ਉਤਰ ਕੇ ਗਲਤ ਪ੍ਰਚਾਰ ਕਰਦੇ ਹਨ।