ਬਰਨਾਲਾ (ਸਰਬ): ਪੰਜਾਬ ਦੇ ਕੈਬਨਿਟ ਮੰਤਰੀ ਅਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੀਤ ਹੇਅਰ ਨੇ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸੌਂਪਿਆ। ਦੱਸ ਦਈਏ ਕਿ ਅੱਜ ਅਹੁਦੇ ਤੋਂ ਅਸਤੀਫਾ ਦੇਣ ਦੀ ਆਖਰੀ ਤਰੀਕ ਸੀ। ਮੀਤ ਹੇਅਰ ਦਾ ਵਿਧਾਨ ਸਭਾ ਤੋਂ ਅਸਤੀਫਾ ਸਪੀਕਰ ਵੱਲੋਂ ਮਨਜੂਰ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਹੁਣ ਪੰਜਾਬ ਵਿੱਚ ਕੁੱਲ ਵਿਧਾਇਕਾਂ ਦੀ ਗਿਣਤੀ 117 ਤੋਂ ਘੱਟ ਕੇ 112 ਰਹਿ ਗਈ ਹੈ।
ਦੱਸ ਦਈਏ ਕਿ ਗੁਰਮੀਤ ਸਿੰਘ ਮੀਤ ਹੇਅਰ ਲੰਘੀਆਂ ਲੋਕ ਸਭਾ ਚੋਣਾਂ 2024 ਵਿੱਚ ਸੰਗਰੂਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਅਤੇ ਉਨ੍ਹਾਂ ਨੇ ਇਸ ਸੀਟ 'ਤੇ ਜਿੱਤ ਹਾਸਲ ਕੀਤੀ ਹੈ, ਜਿਸ ਪਿੱਛੋਂ ਹੁਣ ਉਹ ਮੈਂਬਰ ਪਾਰਲੀਮੈਂਟ ਬਣ ਗਏ ਹਨ।
ਮੀਤ ਹੇਅਰ ਦੇ ਅਸਤੀਫੇ ਤੋਂ ਬਾਅਦ ਹੁਣ ਬਰਨਾਲਾ ਵਿਧਾਨ ਸਭਾ ਸੀਟ ਜ਼ਿਮਨੀ ਚੋਣ ਲਈ ਖਾਲੀ ਹੋ ਗਈ ਹੈ, ਜਿਸ 'ਤੇ ਛੇਤੀ ਹੀ ਦੁਬਾਰਾ ਚੋਣ ਦਾ ਐਲਾਨ ਕੀਤਾ ਜਾ ਸਕਦਾ ਹੈ। ਹੁਣ ਪੰਜਾਬ ਅੰਦਰ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਜਲੰਧਰ ਪੱਛਮੀ ਵਿਧਾਨ ਸਭਾ ਦੀਆਂ ਸੀਟਾਂ ਖਾਲੀ ਹਨ। ਜਲੰਧਰ ਪੱਛਮੀ 'ਚ 10 ਜੁਲਾਈ ਨੂੰ ਵੋਟਿੰਗ ਹੋਵੇਗੀ ਅਤੇ 13 ਨੂੰ ਨਤੀਜਾ ਐਲਾਨਿਆ ਜਾਵੇਗਾ, ਜਦਕਿ ਬਾਕੀ 4 ਸੀਟਾਂ 'ਤੇ ਇੱਕੋ ਸਮੇਂ ਚੋਣਾਂ ਹੋਣਗੀਆਂ, ਜਿਨ੍ਹਾਂ ਦੀਆਂ ਤਰੀਕਾਂ ਬਾਰੇ ਐਲਾਨ ਹੋਣਾ ਬਾਕੀ ਹੈ।