ਨਿਊਜ਼ ਡੈਸਕ (ਰਿੰਪੀ ਸ਼ਰਮਾ) : ‘ਆਪ’ ਪਾਰਟੀ ਨੇ ਹਿਮਾਚਲ ਪ੍ਰਦੇਸ਼ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜ਼ੋਰ-ਅਜ਼ਮਾਇਸ਼ ਸ਼ੁਰੂ ਕਰ ਦਿੱਤੀ ਹੈ। ‘ਆਪ’ ਪਾਰਟੀ ਨੇ ਭਾਜਪਾ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਗ੍ਰਹਿ ਜ਼ਿਲ੍ਹੇ ਮੰਡੀ ’ਚ ਘੇਰਨ ਦੀ ਰਣਨੀਤੀ ਬਣਾਈ ਹੈ। ਮੰਡੀ ’ਚ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਪਾਰਟੀ ਅਹੁਦਾ ਅਧਿਕਾਰੀਆਂ ਨਾਲ ਬੈਠਕ ਕੀਤੀ।
ਬੈਠਕ ’ਚ ਫ਼ੈਸਲਾ ਲਿਆ ਗਿਆ ਕਿ ਮੰਡੀ ’ਚ ‘ਆਪ’ ਪਾਰਟੀ ਰੋਡ ਸ਼ੋਅ ਦਾ ਆਯੋਜਨ ਕਰੇਗੀ। ਇਸ ਰੋਡ ਸ਼ੋਅ ’ਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਿੱਸਾ ਲੈਣਗੇ।
ਆਮ ਆਦਮੀ ਪਾਰਟੀ ਦੇ ਵਰਕਰਾਂ ’ਚ ਜੋਸ਼ ਭਰਨ ਅਤੇ ਰੋਡ ਸ਼ੋਅ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦਿੱਲੀ ਦੇ ਸਿਹਤ ਮੰਤਰੀ ਜੈਨ ਮੰਡੀ ਪਹੁੰਚੇ। ਮੰਤਰੀ ਜੈਨ ਨੇ ਦੇਰ ਸ਼ਾਮ ਪਾਰਟੀ ਦੇ ਅਹੁਦਾ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਮੈਂਬਰਸ਼ਿਪ ਮੁਹਿੰਮ ਦੀ ਸਮੀਖਿਆ ਕੀਤੀ।
ਸਤੇਂਦਰ ਜੈਨ ਨੇ ਕਿਹਾ ਕਿ ‘ਆਪ’ ਹਿਮਾਚਲ ’ਚ 68 ਸੀਟਾਂ ’ਤੇ ਚੋਣਾਂ ਲੜੇਗੀ। ਉਹ ਦੋ ਦਿਨ ਦੇ ਹਿਮਾਚਲ ਦੌਰੇ ’ਤੇ ਆਏ ਹਨ। ਭਾਜਪਾ ਅਤੇ ਕਾਂਗਰਸ ਦੇ ਕਈ ਵੱਡੇ ਨੇਤਾ ਉਨ੍ਹਾਂ ਦੇ ਸੰਪਰਕ ’ਚ ਹਨ।