by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀਤੀ ਦਿਨੀਂ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁੰਛ ਵਿਖੇ ਅੱਤਵਾਦੀ ਹਮਲੇ ਦੌਰਾਨ 5 ਜਵਾਨ ਸ਼ਹੀਦ ਹੋ ਗਏ ਹਨ। ਇਨ੍ਹਾਂ ਸ਼ਹੀਦ ਜਵਾਨਾਂ 'ਚੋ 4 ਜਵਾਨ ਪੰਜਾਬ ਨਾਲ ਸਬੰਧਤ ਸਨ। ਜਿਨ੍ਹਾਂ 'ਚ ਬਠਿੰਡਾ ਦੇ ਤਲਵੰਡੀ ਸਾਬੋ ਦੇ ਪਿੰਡ ਬਾਘਾ ਦਾ ਗੁਰਸੇਵਕ ਸਿੰਘ ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਸ਼ਹੀਦ ਗੁਰਸੇਵਕ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਤੇ 2 ਭੈਣਾਂ ਦਾ ਭਰਾ ਸੀ । ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ 2018 ਵਿੱਚ ਫੋਜ ਵਿੱਚ ਭਰਤੀ ਹੋਇਆ ਸੀ । ਆਪਣੇ ਪੁੱਤ ਦੀ ਮੌਤ ਦੀ ਖ਼ਬਰ ਸੁਣਕੇ ਪਰਿਵਾਰਿਕ ਮੈਬਰਾਂ ਦਾ ਰੋ -ਰੋ ਬੁਰਾ ਹਾਲ ਹੈ । ਕਮਾਂਡ ਹੈਡਕੁਆਰਟਰ ਵਲੋਂ ਦੱਸਿਆ ਗਿਆ ਕਿ ਜਵਾਨਾਂ ਨੂੰ ਲੈ ਕੇ ਟਰੱਕ ਪੁੰਛ ਵੱਲ ਜਾ ਰਿਹਾ ਸੀ ਤੇ ਇਸ ਮੌਕੇ ਬਾਰਿਸ਼ ਪੈ ਰਹੀ ਸੀ। ਇਸ ਦਾ ਫਾਇਦਾ ਅੱਤਵਾਦੀਆਂ ਨੇ ਚੁੱਕ ਕੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਟਰੱਕ ਨੂੰ ਭਿਆਨਕ ਅੱਗ ਲੱਗ ਗਈ ਤੇ 5 ਜਵਾਨ ਸ਼ਹੀਦ ਹੋ ਗਏ, ਜਦਕਿ ਕਈ ਗੰਭੀਰ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ।