
ਦੀਨਾਨਗਰ (ਨੇਹਾ): ਸਰਹੱਦੀ ਜ਼ਿਲਾ ਗੁਰਦਾਸਪੁਰ ਅਧੀਨ ਆਉਂਦੇ ਕਾਹਨੂੰਵਾਨ ਇਲਾਕੇ ਦੇ ਪਿੰਡ ਗੁੰਨੋਪੁਰ ਸੈਦੋਵਾਲ ਦੇ ਇਕ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਜੋ ਆਪਣੀ ਭੈਣ ਨੂੰ ਦਿੱਲੀ ਏਅਰਪੋਰਟ ਤੋਂ ਲੈ ਕੇ ਜਾ ਰਿਹਾ ਸੀ, ਜਦੋਂ ਸ਼ੰਭੂ ਬੈਰੀਅਰ ਨੇੜੇ ਇਕ ਖਤਰਨਾਕ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਮ੍ਰਿਤਕ ਮਨਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਸਰਪੰਚ ਗੁਰਮੁੱਖ ਸਿੰਘ ਵਜ਼ੀਰ ਨੇ ਦੱਸਿਆ ਕਿ ਮਨਿੰਦਰ ਸਿੰਘ ਪਿਤਾ ਸਤਨਾਮ ਸਿੰਘ ਆਪਣੀ ਭੈਣ ਅਤੇ ਭੈਣ ਦੇ ਸਹੁਰੇ ਨਾਲ ਦਿੱਲੀ ਜਾ ਰਿਹਾ ਸੀ ਕਿਉਂਕਿ ਉਸ ਦੀ ਭੈਣ ਦੀ ਫਲਾਈਟ ਦਿੱਲੀ ਤੋਂ ਕੈਨੇਡਾ ਲਈ ਸੀ। ਜਦੋਂ ਉਹ ਸ਼ੰਭੂ ਬੈਰੀਅਰ ’ਤੇ ਪਹੁੰਚਿਆ ਤਾਂ ਉਸ ਦੀ ਕਾਰ ਅੱਗੇ ਇੱਕ ਟਰੱਕ ਖੜ੍ਹਾ ਸੀ। ਮਨਿੰਦਰ ਸਿੰਘ ਦੀ ਕਾਰ ਵੀ ਟਰੱਕ ਦੇ ਪਿੱਛੇ ਖੜ੍ਹੀ ਸੀ ਅਤੇ ਇਸ ਤੋਂ ਇਲਾਵਾ ਦੋ ਹੋਰ ਗੱਡੀਆਂ ਵੀ ਪਿੱਛੇ ਖੜ੍ਹੀਆਂ ਸਨ। ਇਸ ਦੌਰਾਨ ਇੱਕ ਤੇਜ਼ ਰਫਤਾਰ ਟਰੱਕ ਪਿੱਛੇ ਤੋਂ ਬੇਕਾਬੂ ਹੋ ਕੇ ਇਨ੍ਹਾਂ ਖੜ੍ਹੀਆਂ ਗੱਡੀਆਂ ਨਾਲ ਟਕਰਾ ਗਿਆ, ਜਿਸ ਕਾਰਨ ਕਾਰ 'ਚ ਜਾ ਰਿਹਾ ਮਨਿੰਦਰ ਸਿੰਘ ਟਰੱਕ ਦੇ ਹੇਠਾਂ ਦੱਬ ਗਿਆ ਅਤੇ ਕਾਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਮਨਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਕਾਰ ਚਾਲਕ ਤੋਂ ਇਲਾਵਾ ਇੱਕ ਮਹਿਲਾ ਸਵਾਰੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ।