ਹਨੀ ਟ੍ਰੈਪ ‘ਚ ਫਸਾਇਆ ਨੌਜਵਾਨ, ਫਿਰ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੋਟਕਪੂਰਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕਤਲ ਦੀ ਵਾਰਦਾਤ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਦੱਸ ਦਈਏ ਕਿ 1 ਮਹੀਨਾ ਪਹਿਲਾਂ ਕੋਟਕਪੂਰਾ - ਰੇਲਵੇ ਲਾਈਨ ਕੋਲ ਸ਼ੱਕੀ ਹਾਲਤ 'ਚ ਮਿਲੀ ਲਾਸ਼ ਮਾਮਲੇ ਨੂੰ ਪੁਲਿਸ ਨੇ ਹੱਲ ਕੀਤਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮ੍ਰਿਤਕ ਨੌਜਵਾਨ ਦੇ ਜੀਜੇ ਦੀ ਇੱਕ ਫੋਜੀ ਨਾਲ ਪਲਾਟ ਨੂੰ ਲੈ ਕੇ ਲੜਾਈ ਚੱਲ ਰਹੀ ਸੀ। ਫੋਜੀ ਨੇ ਮਰਨ ਵਾਲੇ ਨੌਜਵਾਨ ਨੂੰ ਹਨੀ ਟ੍ਰੈਪ ਦੇ ਜਾਲ 'ਚ ਫਸਾ ਲਿਆ ।

ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ 'ਤੇ ਕੁੜੀ ਨੇ ਨੌਜਵਾਨ ਨੂੰ ਪ੍ਰੇਮ ਸਬੰਧਾਂ ਵਿੱਚ ਫਸਾ ਲਿਆ, ਫਿਰ ਫੋਨ 'ਤੇ ਇੱਕ ਥਾਂ 'ਤੇ ਬੁਲਾ ਕੇ 4 ਸਾਥੀਆਂ ਸਮੇਤ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ।ਜਿਸ ਤੋਂ ਬਾਅਦ ਉਸ ਦੀ ਲਾਸ਼ ਰੇਲਵੇ ਲਾਈਨ ਕੋਲ ਸੁੱਟ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿੱਚ 4ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ ਤੇ ਕੁੜੀ ਸਮੇਤ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ।ਇਸ ਮਾਮਲੇ ਵਿੱਚ ਮੁੱਖ ਦੋਸ਼ੀ ਫੋਜੀ ਛੁੱਟੀ ਕੱਟ ਕੇ ਡਿਊਟੀ 'ਤੇ ਵਾਪਸ ਆ ਗਿਆ ਹੈ।

ਪੁਲਿਸ ਅਧਿਕਾਰੀ ਬਲਰਾਮ ਸਿੰਘ ਨੇ ਦੱਸਿਆ ਕਿ ਬੀਤੀ ਦਿਨੀ ਕੋਟਕਪੂਰਾ ਰੇਲਵੇ ਲਾਈਨ ਤੋਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਸੀ। ਜਿਸ ਨੂੰ ਪਛਾਣ ਲਈ ਮੁਰਦਾਘਰ ਰੱਖਿਆ ਗਿਆ ।ਲਾਸ਼ ਦੀ ਪਛਾਣ ਬਲਜੀਤ ਸਿੰਘ ਵਾਸੀ ਫਾਜਿਲਕਾ ਦੇ ਰੂਪ ਹੋਈ ਹੈ। ਪੁਲਿਸ ਨੇ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਤਨੀ ਸਿਮਰਜੀਤ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕ ਦੇ ਜੀਜੇ ਰਣਜੀਤ ਸਿੰਘ ਨੇ ਕੋਟਕਪੂਰਾ ਦੇ ਪਿੰਡ ਝਬੇਲਵਾਲੀ ਵਿੱਚ ਇੱਕ ਪਲਾਟ ਖਰੀਦਿਆ ਸੀ ।

ਰਣਜੀਤ ਦੀ ਆਪਣੇ ਗੁਆਂਢੀ ਸੌਦਾਗਰ ਫੋਜੀ ਨਾਲ ਪਲਾਟ ਨੂੰ ਲੈ ਕੇ ਲੜਾਈ ਚੱਲ ਰਹੀ ਸੀ ।ਪਿਛਲੇ ਮਹੀਨੇ ਹੋਈ ਲੜਾਈ ਕਾਰਨ ਥਾਣੇ ਵਿੱਚ ਕੇਸ ਵੀ ਦਰਜ਼ ਹੋਇਆ ਸੀ। ਮ੍ਰਿਤਕ ਦੀ ਪਤਨੀ ਨੇ ਸ਼ੱਕ ਜ਼ਾਹਿਰ ਕੀਤਾ ਕਿ ਰੰਜਿਸ਼ਨ ਫੋਜੀ ਤੇ ਉਸ ਦੇ ਚਾਚੇ ਦੇ ਮੁੰਡੇ ਚਮਕੌਰ ਸਿੰਘ ਨੇ ਬਲਜੀਤ ਸਿੰਘ ਦਾ ਕਤਲ ਕੀਤਾ ਹੈ । ਪੁੱਛਗਿੱਛ ਦੌਰਾਨ ਚਮਕੌਰ ਸਿੰਘ ਨੇ ਬਲਜੀਤ ਦੇ ਕਤਲ ਦੀ ਗੱਲ ਨੂੰ ਕਬੂਲ ਕਰ ਲਿਆ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।