ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਮੱਲਣ ਦਾ ਰਹਿਣ ਵਾਲਾ ਨੌਜਵਾਨ ਬਲਵਿੰਦਰ ਸਿੰਘ ਸਾਊਦੀ ਅਰਬ ਵਿਖੇ ਮੌਤ ਦੀ ਸਜ਼ਾ ਭੁਗਤ ਰਿਹਾ ਹੈ। ਜੇਕਰ 15 ਮਈ ਤੱਕ 2 ਕਰੋੜ ਬਲੱਡ ਮਨੀ ਨਾ ਭਰੀ ਗਈ ਤਾਂ ਸਾਊਦੀ ਅਰਬ ਦੇ ਕਾਨੂੰਨ ਮੁਤਾਬਕ ਬਲਵਿੰਦਰ ਸਿੰਘ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਪਰਿਵਾਰ ਕੋਲ ਹੁਣ ਤੱਕ ਕਰੀਬ 1 ਕਰੋੜ, 86 ਲੱਖ ਰੁਪਿਆ ਇਕੱਠਾ ਹੋ ਚੁੱਕਾ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ 40 ਲੱਖ ਰੁਪਏ ਸਾਊਦੀ ਅਰਬ 'ਚ ਬਲਵਿੰਦਰ ਸਿੰਘ ਦੀ ਕੰਪਨੀ ਨੇ ਦੇਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਕੰਪਨੀ ਨੇ ਇਹ ਪੈਸਾ ਨਹੀਂ ਦਿੱਤਾ ਹੈ। ਜੇਕਰ ਕੰਪਨੀ 40 ਲੱਖ ਰੁਪਿਆ ਦੇ ਦਿੰਦੀ ਤਾਂ ਹੁਣ ਤੱਕ ਬਲੱਡ ਮਨੀ ਦੇ ਪੈਸੇ ਪੂਰੇ ਹੋ ਜਾਣੇ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹੁਣ ਕੰਪਨੀ ਨੇ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਤੋਂ ਪੈਸਿਆਂ ਦੀ ਅਪੀਲ ਲਈ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਪਰ ਇਸ ਪਾਸਿਓਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ। ਹੁਣ ਰੋਂਦੇ ਹੋਏ ਪਰਿਵਾਰ ਨੇ ਮੁੜ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਬਲਵਿੰਦਰ ਸਿੰਘ ਦਾ ਸਿਰ ਕਲਮ ਹੋਣ ਨੂੰ ਸਿਰਫ 72 ਘੰਟੇ ਰਹਿ ਗਏ ਹਨ, ਇਸ ਲਈ ਜਿੰਨਾ ਵੀ ਹੋ ਸਕੇ, ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।