ਦੋਰਾਹਾ (ਨੇਹਾ): ਦਿੱਲੀ-ਲੁਧਿਆਣਾ ਰੇਲਵੇ ਲਾਈਨ 'ਤੇ ਪਿੰਡ ਜਸਪਾਲੋਂ ਨੇੜੇ ਰੇਲਗੱਡੀ ਤੋਂ ਡਿੱਗ ਕੇ ਜ਼ਖਮੀ ਹੋਏ 25 ਸਾਲਾ ਨੌਜਵਾਨ ਦੀ ਹਸਪਤਾਲ 'ਚ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 20 ਅਕਤੂਬਰ ਨੂੰ ਸਵੇਰੇ 8.30 ਵਜੇ ਦੇ ਕਰੀਬ ਰੇਲਵੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਟਰੈਕ ਦੇ ਕਿਨਾਰੇ ਇੱਕ ਨੌਜਵਾਨ ਜ਼ਖ਼ਮੀ ਹਾਲਤ ਵਿੱਚ ਡਿੱਗ ਪਿਆ ਹੈ। ਜਿਸ 'ਤੇ ਉਸ ਨੂੰ ਤੁਰੰਤ ਚੁੱਕ ਲਿਆ ਗਿਆ ਅਤੇ ਖੰਨਾ ਦੇ ਸਰਕਾਰੀ ਹਸਪਤਾਲ 'ਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ |
ਇਸ ਹਾਦਸੇ ਸਬੰਧੀ ਰੇਲਵੇ ਪੁਲਿਸ ਚੌਕੀ ਦੋਰਾਹਾ ਦੇ ਇੰਚਾਰਜ ਏ.ਐਸ.ਆਈ. ਹਿੰਮਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ, ਜੋ ਕਿ ਮੂਲ ਰੂਪ ਵਿੱਚ ਪਰਵਾਸੀ ਜਾਪਦਾ ਹੈ। ਰੇਲਵੇ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਅਤੇ ਸ਼ਨਾਖਤ ਲਈ ਸਿਵਲ ਹਸਪਤਾਲ ਖੰਨਾ ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਦੇ ਨਾਲ-ਨਾਲ ਮ੍ਰਿਤਕ ਨੌਜਵਾਨ ਦੀ ਪਹਿਚਾਣ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਕਿਸ ਟਰੇਨ ਤੋਂ ਡਿੱਗਿਆ।