by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਇੰਦੌਰ ਦੇ ਬਾਂਗੰਗਾ ਥਾਣਾ ਖੇਤਰ ਦੀ ਗੋਵਿੰਦ ਕਾਲੋਨੀ 'ਚ ਇਕ ਨੌਜਵਾਨ ਨੂੰ ਹੋਲੀ ਮਨਾਉਣ ਦੀ ਕੀਮਤ ਆਪਣੀ ਜਾਨ ਤੋਂ ਚੁਕਾਉਣੀ ਪਈ। ਜਾਣਕਾਰੀ ਅਨੁਸਾਰ 38 ਸਾਲਾ ਗੋਪਾਲ ਹੋਲਿਕਾ ਦਹਨ ਦੇ ਪ੍ਰੋਗਰਾਮ 'ਚ ਡੀਜੇ 'ਤੇ ਡਾਂਸ ਕਰ ਰਿਹਾ ਸੀ। ਗੀਤ 'ਤੇ ਡਾਂਸ ਕਰਦੇ ਹੋਏ ਉਸ ਨੇ ਹੱਥ 'ਚ ਚਾਕੂ ਲੈ ਲਿਆ ਅਤੇ ਛਾਤੀ 'ਤੇ ਵਾਰ ਕਰਨ ਦਾ ਐਕਸ਼ਨ ਕਰਨ ਲੱਗਾ। ਇਸ ਦੌਰਾਨ ਚਾਕੂ ਗੋਪਾਲ ਦੀ ਛਾਤੀ ਵਿਚ ਡੂੰਘਾ ਵੜ ਗਿਆ ਅਤੇ ਇਸ ਕਾਰਨ ਉਸ ਦੀ ਛਾਤੀ ਵਿਚੋਂ ਖੂਨ ਵਹਿਣ ਲੱਗਾ।
ਆਲੇ-ਦੁਆਲੇ ਮੌਜੂਦ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਉਸ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੱਚ ਰਹੇ ਸਾਰੇ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ। ਮ੍ਰਿਤਕ ਸਿਲਾਈ ਦਾ ਕੰਮ ਕਰਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਵਿਆਹਿਆ ਹੈ, ਉਹ ਆਪਣੇ ਪੁੱਤਰ ਅਤੇ ਮਾਤਾ-ਪਿਤਾ ਨਾਲ ਰਹਿੰਦਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।