ਪੱਤਰ ਪ੍ਰੇਰਕ : ਡੇਰਾਬੱਸੀ ਦੀ ਇੱਕ ਕੈਮੀਕਲ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਮੌਕੇ 'ਤੇ ਮੌਜੂਦ ਲੋਕਾਂ 'ਚ ਹਫੜਾ-ਦਫੜੀ ਮੱਚ ਗਈ। ਅੱਗ ਇੰਨੀ ਬੁਰੀ ਤਰ੍ਹਾਂ ਫੈਲ ਚੁੱਕੀ ਹੈ ਕਿ ਪੂਰੇ ਇਲਾਕੇ 'ਚ ਧੂੰਆਂ ਫੈਲਿਆ ਨਜ਼ਰ ਆ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਘਟਨਾ ਦੌਰਾਨ ਲੱਖਾਂ ਦਾ ਸਾਮਾਨ ਸੜਨ ਦੀ ਸੂਚਨਾ ਹੈ।
ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਭਾਵੇਂ ਇਸ ਅੱਗ ਉੱਤੇ ਕਾਬੂ ਪਾਉਣ ਵਿੱਚ ਲੱਗੀਆਂ ਹਨ ਪਰ ਫੈਕਟਰੀ ਅੰਦਰ ਪਏ ਡਰੰਮਾਂ ਵਿੱਚ ਭਰਿਆ ਕੈਮੀਕਲ ਲਗਾਤਾਰ ਅੱਗ ਬੁਝਾਊ ਦਸਤਿਆਂ ਦੀ ਰਾਹ ਦਾ ਰੋੜਾ ਬਣ ਰਿਹਾ ਹੈ। ਕੈਮੀਕਲ ਨਾਲ ਭਰੇ ਡਰੰਮਾਂ ਵਿੱਚ ਲਗਾਤਰ ਜ਼ੋਰਦਾਰ ਧਮਾਕੇ ਹੋ ਰਹੇ ਹਨ ਜਿਸ ਕਾਰਣ ਅੱਗ ਅਤੇ ਜ਼ਹਿਰੀਲਾ ਧੂੰਆਂ ਲਗਾਤਾਰ ਫੈਲਦਾ ਜਾ ਰਿਹਾ ਹੈ। ਪ੍ਰਸ਼ਾਸਨ ਆਪਣੇ ਪੱਧਰ ਉੱਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸ ਭਿਆਨਕ ਅੱਗ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫੈਕਟਰੀ ਮਾਲਕ ਨੂੰ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ ਪਰ ਇਸ ਸਮੇਂ ਤੱਕ ਕੋਈ ਵੀ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ਜਿਸ ਲਈ ਲੋਕ ਪਰਮਾਤਮਾ ਦਾ ਸ਼ੁਕਰ ਵੀ ਕਰ ਰਹੇ ਹਨ। ਇਹ ਭਿਆਨਕ ਅੱਗ ਕਿਹੜੇ ਕਾਰਣਾਂ ਕਰਕੇ ਲੱਗੀ ਸਪੱਸ਼ਟ ਨਹੀਂ ਹੋ ਸਕਿਆ। ਕੈਮੀਕਲ ਲਗਾਤਾਰ ਫੈਲਦਾ ਜਾ ਰਿਹਾ ਹੈ ਜਿਸ ਕਾਰਣ ਇਸ ਲਈ ਅੱਗ ਉੱਤੇ ਕਾਬੂ ਪਾਉਣਾ ਵੀ ਸੰਭਵ ਨਹੀਂ ਹੋ ਰਿਹਾ ਹੈ।