ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਤੜਾਂ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦਿਨ ਦਿਹਾੜੇ ਸ਼ਰੇਆਮ ਗੁੰਡਾਗਰਦੀ ਨਾਲ ਨੰਗਾ ਨਾਚ ਦੇਖਣ ਨੂੰ ਮਿਲਿਆ। ਦੱਸਿਆ ਜਾ ਰਿਹਾ ਟਾਈਰਾਂ ਨੂੰ ਪੈਂਚਰ ਲਾਉਣ ਵਾਲੀ ਦੁਕਾਨ ਤੇ ਮੋਟਰਸਾਈਕਲ ਦੇ ਟਾਈਰ 'ਚ ਹਵਾ ਪਵਾਉਣ ਆਏ ਵਿਅਕਤੀ ਕੋਲੋਂ ਜਦੋ ਦੁਕਾਨਦਾਰ ਨੇ 10 ਰੁਪਏ ਮੰਗੇ ਤਾਂ ਉਕਤ ਵਿਅਕਤੀ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਦੁਕਾਨਦਾਰ ਸਮੇਤ 3 ਲੋਕ ਗੰਭੀਰ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਹੀ ਹਸਪਤਾਲ ਭਰਤੀ ਕਰਵਾਇਆ ਗਿਆ, ਉੱਥੇ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ ।
ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਜ਼ੇਰੇ ਇਲਾਜ਼ ਦੁਕਾਨ ਦੇ ਮਾਲਕ ਪ੍ਰਕਾਸ਼ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਸ ਦੇ ਪੁੱਤ ਨੇ ਸਵੇਰੇ ਦੁਕਾਨ ਖੋਲ੍ਹੀ ਹੀ ਸੀ ਕਿ ਇੱਕ ਵਿਅਕਤੀ ਮੋਟਰਸਾਈਕਲ ਦੇ ਟਾਇਰ 'ਚ ਹਵਾ ਭਰਵਾਉਣ ਆਇਆ। ਇਸ ਦੌਰਾਨ ਜਦੋ ਉਸ ਦੇ ਪੁੱਤ ਨੇ ਪੈਸੇ ਮੰਗੇ ਤਾਂ ਉਕਤ ਵਿਅਕਤੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਲੜਾਈ ਕਰਨ ਲੱਗ ਪਿਆ । ਇਸ ਦੌਰਾਨ ਹੀ ਉਕਤ ਵਿਅਕਤੀ ਨੇ ਆਪਣੀ ਸਾਥੀਆਂ ਨੂੰ ਬੁਲਾ ਕੇ ਦੁਕਾਨ 'ਤੇ ਹਮਲਾ ਕਰ ਦਿੱਤਾ। ਫਿਲਹਾਲ ਪੁਲਿਸ ਵੱਲੋ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।