ਸਾਲ ਪਹਿਲਾਂ ਅਮਰੀਕਾ ਤੋਂ ਪਰਤੇ ਪੰਜਾਬੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

by nripost

ਸ਼੍ਰੀ ਮਾਛੀਵਾਡ਼ਾ ਸਾਹਿਬ (ਰਾਘਵ): ਬੇਟ ਇਲਾਕੇ ਦੇ ਪਿੰਡ ਗੌਂਸਗਡ਼੍ਹ ਦੇ ਰਹਿਣ ਵਾਲੇ ਨੌਜਵਾਨ ਸੁਰਿੰਦਰ ਸਿੰਘ ਛਿੰਦਾ ਨੇ ਸ਼ੁੱਕਰਵਾਰ ਨੂੰ ਆਪਣੀ ਫਾਰਚੂਨਰ ਗੱਡੀ 'ਚ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਸੁਰਿੰਦਰ ਸਿੰਘ ਛਿੰਦਾ ਕਰੀਬ 1 ਸਾਲ ਪਹਿਲਾਂ ਵਿਦੇਸ਼ ਅਮਰੀਕਾ ਤੋਂ ਪਰਤਿਆ ਸੀ ਅਤੇ ਹੁਣ ਪਿੰਡ ਵਿਚ ਆਪਣੇ ਪਰਿਵਾਰ ਨਾਲ ਖੇਤੀਬਾਡ਼ੀ ਤੇ ਡੇਅਰੀ ਕਿੱਤਾ ਕਰਦਾ ਸੀ। ਅੱਜ ਵੀ ਉਹ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਦੁੱਧ ਡੇਅਰੀ ਵਿਚ ਪਾ ਕੇ ਆਇਆ ਅਤੇ ਉਸ ਤੋਂ ਬਾਅਦ ਆਪਣੀ ਫਾਰਚੂਨਰ ਗੱਡੀ ਲੈ ਕੇ ਚਲਾ ਗਿਆ। ਆਪਣੇ ਪਿੰਡ ਦੇ ਹੀ ਨੇਡ਼੍ਹੇ ਸਡ਼ਕ ’ਤੇ ਉਸਨੇ ਫਾਰਚੂਨਰ ਗੱਡੀ ਵਿਚ ਆਪਣੇ ਆਪ ਨੂੰ ਗੋਲੀ ਮਾਰ ਲਈ ਜਿਸ ਤੋਂ ਬਾਅਦ ਉਸਦੀ ਇਹ ਗੱਡੀ ਬੇਕਾਬੂ ਹੋ ਕੇ ਸਡ਼ਕ ਕਿਨਾਰੇ ਖੰਭਿਆ ਵਿਚ ਟਕਰਾ ਕੇ ਖੇਤਾਂ ਵਿਚ ਜਾ ਗਿਰੀ।

ਮੌਕੇ ’ਤੇ ਖੇਤਾਂ ਵਿਚ ਕੰਮ ਕਰ ਰਹੇ ਇੱਕ ਗਵਾਹ ਨੇ ਦੱਸਿਆ ਕਿ ਜਦੋਂ ਫਾਰਚੂਨਰ ਗੱਡੀ ਖੰਭੇ ਨਾਲ ਟਕਰਾ ਕੇ ਖੇਤਾਂ ਵਿਚ ਜਾ ਗਿਰੀ ਤਾਂ ਉਸ ਵਿਚੋਂ ਧੂੰਆਂ ਨਿਕਲਣ ਲੱਗ ਪਿਆ ਜਿਸ ’ਤੇ ਉਨ੍ਹਾਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਇੱਕ ਨੌਜਵਾਨ ਲਹੂ ਲੁਹਾਨ ਡਰਾਇਵਰ ਸੀਟ ’ਤੇ ਪਿਆ ਸੀ। ਚਸ਼ਮਦੀਦ ਜਗਰੂਪ ਸਿੰਘ ਅਨੁਸਾਰ ਉਸਨੇ ਸ਼ੀਸ਼ਾ ਤੋਡ਼ ਕੇ ਜਦੋਂ ਨੌਜਵਾਨ ਬਾਹਰ ਕੱਢਿਆ ਤਾਂ ਉਹ ਉਸਦੀ ਪਹਿਚਾਣ ਸੁਰਿੰਦਰ ਸਿੰਘ ਛਿੰਦਾ ਨਿਕਲਿਆ ਪਰ ਛਾਤੀ ਵਿਚ ਗੋਲੀ ਲੱਗਣ ਕਾਰਨ ਉਸਦੀ ਮੌਤ ਹੋ ਚੁੱਕੀ ਸੀ। ਜਾਣਕਾਰੀ ਅਨੁਸਾਰ ਸੁਰਿੰਦਰ ਛਿੰਦਾ ਦੇ 2 ਗੋਲੀਆਂ ਲੱਗੀਆਂ ਸਨ ਜਿਸ ਵਿਚੋਂ 1 ਉਸਦੀ ਲੱਤ ਤੇ ਦੂਜੀ ਉਸਦੀ ਛਾਤੀ ਤੋਂ ਆਰਪਾਰ ਦੱਸੀ ਜਾ ਰਹੀ ਹੈ।

ਸੂਚਨਾ ਮਿਲਦੇ ਹੀ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਅਸ਼ਵਨੀ ਗੋਟਿਆਲ, ਡੀਐੱਸਪੀ (ਡੀ) ਸੁਖਪ੍ਰੀਤ ਸਿੰਘ ਰੰਧਾਵਾ ਅਤੇ ਥਾਣਾ ਮੁਖੀ ਪਵਿੱਤਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਸੁਖਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਮਾਮਲਾ ਆਤਮ ਹੱਤਿਆ ਦਾ ਲੱਗ ਰਿਹਾ ਹੈ ਪਰ ਫਿਰ ਵੀ ਪੁਲਸ ਵਲੋਂ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਫਿਲਹਾਲ ਆਤਮ ਹੱਤਿਆ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਅਤੇ ਮ੍ਰਿਤਕ ਦੇ ਮੋਬਾਇਲ ਫੋਨ ਦੀ ਵੀ ਜਾਂਚ ਕੀਤੀ ਜਾਵੇਗੀ। ਪੁਲਿਸ ਵਲੋਂ ਲਾਸ਼ ਨੂੰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ। ਨੌਜਵਾਨ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਬੱਚਾ ਛੱਡ ਗਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਸੁਰਿੰਦਰ ਛਿੰਦਾ ਦਾ ਲਾਇਸੈਂਸੀ ਅਸਲਾ ਗੰਨ ਹਾਊਸ ਵਿਚ ਜਮ੍ਹਾ ਸੀ ਜਿਸ ਨੂੰ ਉਹ ਅੱਜ ਹੀ ਲੈ ਕੇ ਆਇਆ ਸੀ। ਗੱਡੀ ਵਿਚ ਨਵੇਂ ਕਾਰਤੂਸ ਵੀ ਪਏ ਸਨ ਤੇ ਪੁਲਿਸ ਅਨੁਸਾਰ ਇਹ ਅੱਜ ਹੀ ਨਵੇਂ ਖਰੀਦੇ ਲੱਗਦੇ ਹਨ ਜਿਸ ਦੀ ਜਾਂਚ ਜਾਰੀ ਹੈ।