ਚੰਡੀਗੜ੍ਹ, 17 ਅਪ੍ਰੈਲ 2024 – ਇਟਲੀ ਦੇ ਬਰੇਸ਼ੀਆ ਸ਼ਹਿਰ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸਤਪਾਲ ਸਿੰਘ (55) ਵਜੋਂ ਹੋਈ ਹੈ। ਉਹ ਮੂਲ ਰੂਪ ਵਿੱਚ ਪਿੰਡ ਟਾਹਲੀ ਦਾ ਵਸਨੀਕ ਸੀ। ਮ੍ਰਿਤਕ ਦੀ ਪਤਨੀ ਅਤੇ ਦੋ ਪੁੱਤਰ ਹਨ।
ਘਟਨਾ ਸ਼ਨੀਵਾਰ ਸ਼ਾਮ ਨੂੰ ਵਾਪਰੀ। ਮ੍ਰਿਤਕ ਆਪਣੇ ਘਰ ਮੌਜੂਦ ਸੀ। ਫਿਰ ਉਸ ਦਾ ਇੱਕ ਜਾਣਕਾਰ ਇਟਲੀ ਦਾ ਸਾਬਕਾ ਪੁਲਿਸ ਮੁਲਾਜ਼ਮ ਯੂਸੇਪ ਵੇਲੇਟੀ (70) ਉਸ ਦੇ ਘਰ ਆਇਆ। ਇਸ ਦੌਰਾਨ ਦੋਵਾਂ ‘ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਤੋਂ ਬਾਅਦ ਉਸ ਨੇ ਸਤਪਾਲ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆਂ। ਉਸੇ ਸਮੇਂ ਉਸ ਨੇ ਘਰ ਦੇ ਬਾਹਰ ਜਾ ਕੇ ਖੁਦ ਨੂੰ ਗੋਲੀ ਮਾਰ ਲਈ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਇਹ ਘਟਨਾ ਵਿਸਾਖੀ ਵਾਲੇ ਦਿਨ ਵਾਪਰੀ ਸੀ। ਪਤਾ ਲੱਗਾ ਹੈ ਕਿ ਉਸ ਦਿਨ ਉਥੇ ਨਗਰ ਕੀਰਤਨ ਕੱਢਿਆ ਗਿਆ ਸੀ। ਸਤਪਾਲ ਸਿੰਘ ਨਗਰ ਕੀਰਤਨ ਵਿੱਚ ਵੀ ਸ਼ਾਮਿਲ ਹੋਇਆ ਸੀ। ਗੁਰਦੁਆਰਾ ਸਾਹਿਬ ਫਲੈਰੋ ਕਮੇਟੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਅਤੇ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਤਪਾਲ ਸਿੰਘ ਕਾਫੀ ਸਮੇਂ ਤੋਂ ਇਟਲੀ ਰਹਿ ਰਿਹਾ ਸੀ।