ਪਾਕਿਸਤਾਨੀ ਸੰਸਦ ਮੈਂਬਰ ਵੱਲੋਂ PM ਮੋਦੀ ਖੁੱਲ੍ਹ ਤਾਰੀਫ, ਕਿਹਾ- ਭਾਰਤ ‘ਚੰਨ ‘ਤੇ ਪਹੁੰਚਿਆ, ਸਾਡੇ ਬੱਚੇ ਗਟਰ ‘ਚ ਡੁੱਬ ਰਹੇ’
ਪੱਤਰ ਪ੍ਰੇਰਕ : ਪਾਕਿਸਤਾਨ ਦੀ ਸਿਆਸੀ ਪਾਰਟੀ ਮੁਤਾਹਿਦਾ ਕੌਮੀ ਮੂਵਮੈਂਟ ਪਾਕਿਸਤਾਨ (ਐੱਮ.ਕਿਊ.ਐੱਮ.-ਪੀ.) ਦੇ ਸੰਸਦ ਮੈਂਬਰ ਸਈਅਦ ਮੁਸਤਫਾ ਕਮਾਲ ਨੇ ਜਿੱਥੇ ਸੰਸਦ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀਆਂ ਨੀਤੀਆਂ ਦੀ ਤਾਰੀਫ ਕੀਤੀ, ਉੱਥੇ ਹੀ ਉਨ੍ਹਾਂ ਨੇ ਦੇਸ਼ ਦੀਆਂ ਸਰਕਾਰਾਂ ਦੀ ਦੁਰਦਸ਼ਾ ਦਾ ਸ਼ੀਸ਼ਾ ਵੀ ਦਿਖਾਇਆ। ਭਾਰਤ ਦੀ ਦਿਲੋਂ ਤਾਰੀਫ ਕਰਦੇ ਹੋਏ ਪਾਕਿਸਤਾਨੀ ਸੰਸਦ ਮੈਂਬਰ ਨੇ ਕਿਹਾ ਕਿ ਇਕ ਪਾਸੇ ਕਰਾਚੀ 'ਚ ਖੁੱਲ੍ਹੇ ਗਟਰ ਬੱਚਿਆਂ ਨੂੰ ਮਾਰ ਰਹੇ ਹਨ, ਉਥੇ ਹੀ ਦੂਜੇ ਪਾਸੇ ਭਾਰਤ ਚੰਦ 'ਤੇ ਪਹੁੰਚ ਗਿਆ ਹੈ। ਸੰਸਦ ਮੈਂਬਰ ਸਈਅਦ ਮੁਸਤਫਾ ਕਮਾਲ ਨੇ ਸੰਸਦ 'ਚ ਆਪਣੇ ਸੰਬੋਧਨ 'ਚ ਕਿਹਾ ਕਿ 'ਅੱਜ ਜਦੋਂ ਦੁਨੀਆ ਚੰਦਰਮਾ ਵੱਲ ਜਾ ਰਹੀ ਹੈ, ਸਾਡੇ ਬੱਚੇ ਅਜੇ ਵੀ ਕਰਾਚੀ 'ਚ ਗਟਰ 'ਚ ਡਿੱਗ ਕੇ ਮਰ ਰਹੇ ਹਨ।
ਸੰਸਦ ਮੈਂਬਰ ਸਈਅਦ ਮੁਸਤਫਾ ਨੇ ਕਿਹਾ ਕਿ ਜਦੋਂ ਅਸੀਂ ਆਪਣੀਆਂ ਟੀਵੀ ਸਕਰੀਨਾਂ 'ਤੇ ਇਹ ਖਬਰ ਦੇਖਦੇ ਹਾਂ ਕਿ ਭਾਰਤ ਚੰਨ 'ਤੇ ਪਹੁੰਚ ਗਿਆ ਹੈ ਅਤੇ ਸਿਰਫ ਦੋ ਸਕਿੰਟਾਂ ਬਾਅਦ ਹੀ ਖਬਰ ਆਉਂਦੀ ਹੈ ਕਿ ਕਰਾਚੀ ਵਿੱਚ ਇੱਕ ਬੱਚੇ ਦੀ ਇੱਕ ਖੁੱਲ੍ਹੇ ਗਟਰ ਵਿੱਚ ਡਿੱਗਣ ਨਾਲ ਮੌਤ ਹੋ ਗਈ ਹੈ। ਕਰਾਚੀ ਵਿੱਚ ਤਾਜ਼ੇ ਪਾਣੀ ਦੀ ਕਮੀ ਦਾ ਜ਼ਿਕਰ ਕਰਦਿਆਂ ਐਮਕਿਊਐਮ-ਪੀ ਆਗੂ ਨੇ ਕਿਹਾ, 'ਕਰਾਚੀ ਪਾਕਿਸਤਾਨ ਦਾ ਮਾਲੀਆ ਇੰਜਣ ਹੈ। ਦੇਸ਼ ਵਿੱਚ ਦੋ ਬੰਦਰਗਾਹਾਂ ਹਨ ਅਤੇ ਦੋਵੇਂ ਕਰਾਚੀ ਵਿੱਚ ਹਨ। ਇੱਕ ਤਰ੍ਹਾਂ ਨਾਲ ਇਹ ਦੇਸ਼ ਦਾ ਗੇਟਵੇ ਹੈ। ਕਰਾਚੀ ਨੂੰ 15 ਸਾਲਾਂ ਤੋਂ ਤਾਜ਼ਾ ਪਾਣੀ ਨਹੀਂ ਮਿਲਿਆ, ਜਦੋਂ ਵੀ ਪਾਣੀ ਆਉਂਦਾ ਹੈ ਤਾਂ ਟੈਂਕਰ ਮਾਫੀਆ ਨੇ ਕਬਜ਼ਾ ਕਰ ਲਿਆ ਹੈ।
ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਸਈਅਦ ਮੁਸਤਫਾ ਕਮਾਲ ਨੇ ਕਿਹਾ, 'ਸਿੰਧ ਸੂਬੇ ਵਿਚ ਲਗਭਗ 70 ਲੱਖ ਬੱਚੇ ਸਕੂਲ ਨਹੀਂ ਜਾ ਰਹੇ ਹਨ ਅਤੇ ਰਾਸ਼ਟਰੀ ਪੱਧਰ 'ਤੇ ਇਹ ਅੰਕੜਾ ਲਗਭਗ 2.6 ਕਰੋੜ ਹੈ। ਕਰਾਚੀ ਸਿੰਧ ਸੂਬੇ ਦੀ ਰਾਜਧਾਨੀ ਹੈ। ਮੁਸਤਫਾ ਕਮਾਲ ਨੇ ਕਿਹਾ, 'ਸਾਡੇ ਕੋਲ ਕੁੱਲ 48 ਹਜ਼ਾਰ ਸਕੂਲ ਹਨ, ਪਰ ਇਕ ਰਿਪੋਰਟ ਦੱਸਦੀ ਹੈ ਕਿ ਇਨ੍ਹਾਂ 'ਚੋਂ 11 ਹਜ਼ਾਰ ਸਕੂਲ ਖਾਲੀ ਪਏ ਹਨ। ਦੇਸ਼ ਵਿੱਚ 2.62 ਕਰੋੜ ਬੱਚੇ ਸਕੂਲ ਨਹੀਂ ਜਾ ਪਾਉਂਦੇ। ਇਸ ਨਾਲ ਦੇਸ਼ ਦੇ ਨੇਤਾਵਾਂ ਦੀ ਨੀਂਦ ਹਰਾਮ ਹੋ ਜਾਣੀ ਚਾਹੀਦੀ ਹੈ।