ਹੁਸ਼ਿਆਰਪੁਰ ‘ਚ ਵਾਪਰਿਆ ਦਰਦਨਾਕ ਹਾਦਸਾ, ਨਹਿਰ ‘ਚ ਡਿੱਗੀ ਕਾਰ, 1 ਦੀ ਮੌਤ

by nripost

ਹੁਸ਼ਿਆਰਪੁਰ (ਰਾਘਵ): ਹੁਸ਼ਿਆਰਪੁਰ ਦੇ ਹਾਜੀਪੁਰ ਵਿਖੇ ਕੰਡੀ ਨਹਿਰ 'ਚ ਇਕ ਕਾਰ ਡਿੱਗਣ ਕਰਕੇ ਇਕ ਨੌਜਵਾਨ ਦੀ ਮੌਤ ਹੋ ਗਈ ׀ ਮ੍ਰਿਤਕ ਦੀ ਪਛਾਣ ਰੋਹਿਤ ਕੁਮਾਰ ਸ਼ੈਂਕੀ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਰਣਸੋਤਾ ਵਜੋਂ ਹੋਈ ਹੈ। ਉਕਤ ਨੌਜਵਾਨ ਪਿੰਡ ਰਣਸੋਤਾ ਤੋਂ ਪਿੰਡ ਨੰਗਲ ਬਿਹਾਲਾਂ ਵਿਖੇ ਵਾਲ ਪੇਪਰ ਲਗਾਉਣ ਦੀ ਦੁਕਾਨ ਕਰਦਾ ਸੀ। ਬੀਤੀ ਰਾਤ ਨੂੰ ਉਹ ਆਪਣੀ ਦੁਕਾਨ ਬੰਦ ਕਰਕੇ ਕੰਡੀ ਨਹਿਰ ਦੇ ਰਸਤੇ ਆਪਣੇ ਰਿਸ਼ਤੇਦਾਰਾਂ ਦੇ ਪਿੰਡ ਗੋਈਵਾਲ ਆਪਣੀ ਕਾਰ ਨੰਬਰ ਪੀ. ਬੀ. 54-ਡੀ-4373 'ਤੇ ਜਾ ਰਿਹਾ ਸੀ ׀ ਜਦੋਂ ਉਹ ਪਿੰਡ ਨਾਰਨੌਲ ਦੇ ਲਾਗੇ ਪੁੱਜਿਆ ਤਾਂ ਉਸ ਦੀ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਕੰਡੀ ਨਹਿਰ ਡਿੱਗ ਪਈ। ਕਾਰ ਨਹਿਰ ਡਿੱਗਣ ਦਾ ਪਤਾ ਜਿਵੇਂ ਹੀ ਪਿੰਡ ਨਾਰਨੌਲ ਦੇ ਲੋਕਾਂ ਨੂੰ ਲੱਗਿਆ ਤਾਂ ਉਨ੍ਹਾਂ ਇਸ ਘਟਨਾ ਦੀ ਸੂਚਨਾ ਹਾਜੀਪੁਰ ਪੁਲਸ ਨੂੰ ਦਿੱਤੀ׀

ਸੂਚਨਾ ਮਿਲਦੇ ਹੀ ਹਾਜੀਪੁਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਦੇ ਸਹਿਯੋਗ ਨਾਲ ਕਾਰ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਕਾਰ ਚਾਲਕ ਰੋਹਿਤ ਕੁਮਾਰ ਸ਼ੈਂਕੀ ਦੀ ਮੌਤ ਹੋ ਚੁੱਕੀ ਸੀ ׀ ਪੁਲਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ׀ ਲੋਕਾਂ ਦਾ ਕਹਿਣਾ ਹੈ ਕਿ ਅਗਰ ਸਰਕਾਰ ਨੇ ਕੰਡੀ ਨਹਿਰ ਦੇ ਕਿਨਾਰੇ ਸੁੱਰਖਿਆ ਦੀਵਾਰ ਬਣਾਈ ਹੁੰਦੀ ਤਾਂ ਅੱਜ ਨੌਜਵਾਨ ਦੀ ਮੌਤ ਨਾ ਹੁੰਦੀ ׀