ਨਿਊਜ਼ ਡੈਸਕ, ਨਵਾਂਸ਼ਹਿਰ : ਚੋਣ ਕਮਿਸ਼ਨ ਵੱਲੋਂ ਵੋਟਰਾਂ ਦੇ ਹੱਕ ਵਿਚ ਇਕ ਨਵੀਂ ਪਹਿਲ ਕਦਮੀ ਕੀਤੀ ਗਈ ਹੈ। ਦਰਅਸਲ ਚੋਣ ਕਮਿਸ਼ਨ ਵੱਲੋਂ ਹਰ ਪੋਲਿੰਗ ਸਟੇਸ਼ਨ ਉਤੇ ਹੁਣ ਸੈਲਫੀ ਕਾਰਨਰ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਹਰ ਇਕ ਪੋਲਿੰਗ ਸਟੇਸ਼ਨ ’ਤੇ ਸੈਲਫ਼ੀ ਕਾਰਨਰ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤੇ ਸੈਲਫ਼ੀ ਕੱਟ ਆਊਟ ਵੀ ਜਾਰੀ ਕੀਤਾ ਗਿਆ ਹੈ।
ਇਸ ਸੈਲਫ਼ੀ ਕਟਆਊਟ 'ਚ ਸ਼ੇਰਾ ਜੋਕਿ ਪੰਜਾਬ ਚੋਣਾਂ ਦਾ ਮਕਸਦ ਹੈ, ਦੀ ਵਰਤੋਂ ਕੀਤੀ ਗਈ ਹੈ। ਸ਼ੇਰਾ ਪੰਜਾਬ ਦੇ ਅਮੀਰ ਸੱਭਿਆਚਾਰ ਦੀ ਪ੍ਰਤੀਨਿਧਤਾ ਕਰਦਾ ਹੈ ਤੇ ਵੋਟਰ ਦੀ ਜਾਗਰੂਕਤਾ ਲਈ ਬਣਾਇਆ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ 'ਚ ਪੋਲਿੰਗ ਸਟੇਸ਼ਨ ਦੇ 511 ਸਥਾਨਾਂ ’ਤੇ ਇਹ ਸੈਲਫ਼ੀ ਪੁਆਇੰਟ ਬਣਾਏ ਜਾਣਗੇ, ਜਿਸ ਦਾ ਮੰਤਵ ਵੋਟਰਾਂ ਨੂੰ ਖ਼ਾਸ ਕਰਕੇ ਨੌਜਵਾਨ ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਉਤਸ਼ਾਹਤ ਕਰਨਾ ਹੈ।