ਨਿਊਜ਼ ਡੈਸਕ (ਜਸਕਮਲ) : ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਅਵੰਤੀਪੋਰਾ ਪੁਲਿਸ ਜ਼ਿਲ੍ਹੇ ਦੇ ਨੰਬਲ ਪਿੰਡ 'ਚ ਇਕ ਸੰਖੇਪ ਮੁਕਾਬਲੇ 'ਚ ਲਸ਼ਕਰ ਦੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਆਈਜੀਪੀ ਕਸ਼ਮੀਰ ਵਿਜੇ ਕੁਮਾਰ ਨੇ ਹੱਤਿਆ ਦੀ ਪੁਸ਼ਟੀ ਕੀਤੀ ਹੈ। "ਅਵੰਤੀਪੋਰਾ ਆਪਰੇਸ਼ਨ 'ਚ ਇਕ ਮੁਕਾਬਲੇ 'ਚ ਐੱਲਈਟੀ ਦਾ ਇਕ ਅੱਤਵਾਦੀ ਮਾਰਿਆ ਗਿਆ ਹੈ। ਵਿਜੇ ਕੁਮਾਰ ਨੇ ਕਿਹਾ ਕਿ ਖੇਤਰ 'ਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਇਕ ਖਾਸ ਇਨਪੁਟ 'ਤੇ ਕਾਰਵਾਈ ਸ਼ੁਰੂ ਕੀਤੀ ਗਈ ਸੀ।
ਆਪ੍ਰੇਸ਼ਨ ਦੀ ਨਿਗਰਾਨੀ ਕਰ ਰਹੇ ਇਕ ਪੁਲਿਸ ਅਧਿਕਾਰੀ ਨੇ ਕਿਹਾ, "ਅਵੰਤੀਪੋਰਾ ਪੁਲਿਸ ਵੱਲੋਂ ਤਿਆਰ ਇਕ ਖਾਸ ਇਨਪੁਟ ਦੇ ਆਧਾਰ 'ਤੇ ਪੁਲਿਸ ਦੀ ਇੱਕ ਛੋਟੀ ਟੀਮ ਦੁਆਰਾ ਅਵੰਤੀਪੋਰਾ ਦੇ ਨੰਬਲ ਖੇਤਰ 'ਚ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ, ਲੁਕੇ ਹੋਏ ਅੱਤਵਾਦੀ ਨੇ ਪੁਲਿਸ 'ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਵਾਬੀ ਕਾਰਵਾਈ ਵਿਚ ਪੁਲਿਸ ਵੱਲੋਂ ਵੀ ਗੋਲੀਬਾਰੀ ਕੀਤੀ ਗਈ, ਜਿਸ ਦੌਰਾਨ ਅੱਤਵਾਦੀ ਮਾਰਿਆ ਗਿਆ। ਮਾਰੇ ਗਏ ਅੱਤਵਾਦੀ ਦੀ ਪਛਾਣ ਇਰਫਾਨ ਅਹਿਮਦ ਸ਼ੇਖ ਪੁੱਤਰ ਅਬਦੁਲ ਰਸ਼ੀਦ ਸ਼ੇਖ ਵਾਸੀ ਕਰੀਮਾਬਾਦ ਪੁਲਵਾਮਾ ਵਜੋਂ ਹੋਈ ਹੈ, ਜੋ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਟੀਆਰਐੱਫ ਨਾਲ ਜੁੜਿਆ ਹੋਇਆ ਹੈ।
ਪੁਲਿਸ ਰਿਕਾਰਡ ਦੇ ਅਨੁਸਾਰ, ਮਾਰਿਆ ਗਿਆ ਅੱਤਵਾਦੀ ਇਕ ਸ਼੍ਰੇਣੀਬੱਧ ਅੱਤਵਾਦੀ ਸੀ ਅਤੇ ਸੁਰੱਖਿਆ ਬਲਾਂ 'ਤੇ ਹਮਲਿਆਂ ਅਤੇ ਨਾਗਰਿਕ ਅੱਤਿਆਚਾਰਾਂ ਸਮੇਤ ਕਈ ਅੱਤਵਾਦੀ ਅਪਰਾਧਾਂ ਵਿੱਚ ਸ਼ਾਮਲ ਸੀ। ਇਸ ਤੋਂ ਇਲਾਵਾ, ਉਹ ਅੱਤਵਾਦੀ ਰੈਂਕ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਖੇਤਰ ਵਿਚ ਸਰਗਰਮ ਅੱਤਵਾਦੀਆਂ ਨੂੰ ਰਸਦ ਅਤੇ ਹੋਰ ਸਹਾਇਤਾ ਵੀ ਪ੍ਰਦਾਨ ਕਰ ਰਿਹਾ ਸੀ। ਮੁਕਾਬਲੇ ਵਾਲੀ ਥਾਂ ਤੋਂ ਇਕ ਪਿਸਤੌਲ ਸਮੇਤ ਅਪਰਾਧਕ ਸਮੱਗਰੀ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਬਰਾਮਦ ਕੀਤੀ ਸਾਰੀ ਸਮੱਗਰੀ ਨੂੰ ਅਗਲੇਰੀ ਜਾਂਚ ਲਈ ਕੇਸ ਰਿਕਾਰਡ ਵਿੱਚ ਲੈ ਲਿਆ ਗਿਆ ਹੈ।