ਜਗਰਾਉਂ ‘ਚ ਤੇਜ਼ ਰਫ਼ਤਾਰ ਕਾਰ ਦਰੱਖਤ ਨਾਲ ਟਕਰਾਈ: ਔਰਤ ਦੀ ਮੌਤ, 10 ਸਾਲਾ ਬੱਚੀ ਸਮੇਤ 4 ਜ਼ਖਮੀ

by jagjeetkaur

ਜਗਰਾਉਂ ਦੇ ਕੋਠੇ ਪੋਨਾ ਰੋਡ 'ਤੇ ਸਥਿਤ ਪੈਟਰੋਲ ਪੰਪ ਮਾਲਕ ਦੀ ਕਾਰ ਰਾਏਕੋਟ ਤੋਂ ਮਲੇਰਕੋਟਲਾ ਰੋਡ 'ਤੇ ਪੈਂਦੇ ਪਿੰਡ ਭੈਣੀ ਵਡਿੰਗਾ ਕੋਲ ਮੰਗਲਵਾਰ ਦੇਰ ਸ਼ਾਮ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਾਹਮਣੇ ਤੋਂ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਇਸ ਹਾਦਸੇ ਦੌਰਾਨ ਹਸਪਤਾਲ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬੰਟੀ ਰਾਣੀ ਵਾਸੀ ਜਗਰਾਉਂ ਵਜੋਂ ਹੋਈ ਹੈ। ਜਦਕਿ 10 ਸਾਲ ਦੀ ਬੱਚੀ ਸਮੇਤ ਚਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ।

ਉਨ੍ਹਾਂ ਨੂੰ ਰਾਏਕੋਟ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਇਕ ਦੀ ਹਾਲਤ ਨਾਜ਼ੁਕ ਦੇਖਦਿਆਂ ਡਾਕਟਰਾਂ ਨੇ ਇਕ ਨੂੰ ਲੁਧਿਆਣਾ ਦੇ ਡੀ.ਐੱਮ.ਸੀ ਹਸਪਤਾਲ ਰੈਫਰ ਕਰ ਦਿੱਤਾ ਅਤੇ ਬਾਕੀ ਤਿੰਨ ਨੂੰ ਰਾਏਕੋਟ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ 'ਚ ਕ੍ਰਿਸ਼ਨ ਲਾਲ, ਜੋਗੀਦਰਪਾਲ ਕਾਲਾ ਅਤੇ ਮਧੂਬਾਲਾ ਦੇ ਨਾਂ ਸ਼ਾਮਲ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਲਾ ਆਪਣੇ ਚਾਰ ਹੋਰ ਵਿਅਕਤੀਆਂ ਨਾਲ ਨਾਭਾ ਨੇੜੇ ਸ਼ਿੰਟਾ ਕੈਂਪ ਤੋਂ ਮੱਥਾ ਟੇਕ ਕੇ ਵਾਪਸ ਜਗਰਾਉਂ ਆਪਣੇ ਘਰ ਪਰਤ ਰਹੇ ਸਨ।

ਇਸ ਦੌਰਾਨ ਕਾਰ ਚਲਾ ਰਹੇ ਜੋਗਿੰਦਰਪਾਲ ਕਾਲਾ ਨੂੰ ਅਚਾਨਕ ਨੀਂਦ ਆ ਗਈ, ਜਿਸ ਤੋਂ ਬਾਅਦ ਕਾਰ ਸਿੱਧੀ ਡਰਾਈਵਰ ਸਾਈਡ ਤੋਂ ਇਕ ਦਰੱਖਤ ਨਾਲ ਜਾ ਟਕਰਾਈ, ਇਸ ਦੌਰਾਨ ਸਾਰੇ ਲੋਕ ਜ਼ਖਮੀ ਹੋ ਗਏ ਪਰ ਦੇਰ ਰਾਤ ਔਰਤ ਦੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਏ.ਐਸ.ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਜੋਗਿੰਦਰਪਾਲ ਕਾਲਾ ਜਗਰਾਉਂ ਵਿਖੇ ਪੈਟਰੋਲ ਪੰਪ ਚਲਾਉਂਦਾ ਹੈ। ਹਾਦਸੇ ਦੌਰਾਨ ਉਹ ਕਾਰ ਚਲਾ ਰਿਹਾ ਸੀ ਅਤੇ ਉਸ ਨੂੰ ਇਲਾਜ ਲਈ ਲੁਧਿਆਣਾ ਰੈਫਰ ਕਰ ਦਿੱਤਾ ਗਿਆ।ਬੁੱਧਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਹਾਦਸੇ ਦਾ ਪਤਾ ਲੱਗਦਿਆਂ ਹੀ ਜਗਰਾਉਂ ਤੋਂ ਸਾਰੇ ਪਰਿਵਾਰਕ ਮੈਂਬਰ ਰਾਏਕੋਟ ਅਤੇ ਲੁਧਿਆਣਾ ਦੇ ਹਸਪਤਾਲਾਂ ਵਿੱਚ ਪਹੁੰਚ ਗਏ।