ਨਿਊਜ਼ ਡੈਸ (ਜਸਕਮਲ) : ਇਕ ਨੌਜਵਾਨ ਵੱਲੋਂ ਕਰਵਾਏ ਗਏ ਪ੍ਰੇਮ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਖੁਦਕੁਸ਼ੀ ਕਰ ਕੇ ਇਸ ਦਾ ਖੌਫਨਾਕ ਅੰਤ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮਾਛੀਵਾੜਾ ਦੇ ਨੇੜਲੇ ਪਿੰਡ ਗੜ੍ਹੀ ਤਰਖਾਣਾ ਦੇ ਨੌਜਵਾਨ ਆਨੰਦ ਕੁਮਾਰ (19) ਵਲੋਂ ਕੁਝ ਮਹੀਨੇ ਪਹਿਲਾਂ ਹੀ ਗੁਆਂਢ ’ਚ ਰਹਿੰਦੀ ਕੁੜੀ ਮੁਸਕਾਨ ਨਾਲ ਕਰਵਾਏ ਪ੍ਰੇਮ ਵਿਆਹ ਕਰਵਾਈ ਸੀ। ਆਨੰਦ ਨੇ ਆਪਣੇ ਸਹੁਰੇ ਘਰ ਜਾ ਕੇ ਆਤਮ-ਹੱਤਿਆ ਕਰ ਲਈ। ਮ੍ਰਿਤਕ ਦੇ ਪਿਤਾ ਰਾਜ ਇਕਬਾਲ ਪਾਸਵਾਨ ਨੇ ਪੁਲਸ ਕੋਲ ਦਰਜ ਕਰਵਾਏ ਬਿਆਨ ਵਿਚ ਦੱਸਿਆ ਕਿ ਉਸਦੇ ਪੁੱਤਰ ਆਨੰਦ ਕੁਮਾਰ ਦਾ ਵਿਆਹ ਗੁਆਂਢ ’ਚ ਰਹਿੰਦੀ ਮੁਸਕਾਨ ਨਾਲ ਅਗਸਤ-2021 'ਚ ਹੋਇਆ ਸੀ।
ਬੀਤੀ 12 ਫਰਵਰੀ ਨੂੰ ਬਿਆਨਕਰਤਾ ਆਪਣੇ ਘਰ 'ਚ ਮੌਜੂਦ ਸੀ ਕਿ ਉਸਦੀ ਨਹੁੰ ਮੁਸਕਾਨ, ਸੱਸ ਸਾਮਵਤੀ, ਸਾਲੀ ਪਿੰਕੀ ਤੇ ਪ੍ਰੀਤੀ ਅਤੇ ਸਾਂਢੂ ਪਰਮਜੀਤ ਸਾਡੇ ਘਰ ਆਏ ਜਿਨ੍ਹਾਂ ਨੇ ਮੇਰੇ ਸਾਹਮਣੇ ਲੜਕੇ ਆਨੰਦ ਕੁਮਾਰ ਦੀ ਕੁੱਟਮਾਰ ਕੀਤੀ। ਫਿਰ 15 ਫਰਵਰੀ ਨੂੰ ਸ਼ਾਮ 7 ਵਜੇ ਮੇਰੇ ਲੜਕੇ ਆਨੰਦ ਕੁਮਾਰ ਨੂੰ ਸਹੁਰੇ ਪਰਿਵਾਰ ਨੇ ਆਪਣੇ ਘਰ ਬੁਲਾਇਆ ਜਿੱਥੇ ਕਿ ਉਕਤ ਸਾਰੇ ਵਿਅਕਤੀ ਮੌਜੂਦ ਸਨ।
ਪੁੱਤਰ ਨੇ ਸਹੁਰੇ ਪਰਿਵਾਰ 'ਚ ਇਨ੍ਹਾਂ ਸਾਰੇ ਵਿਅਕਤੀਆਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਵਸਤੂ ਖਾ ਲਈ। ਸਿਹਤ ਵਿਗੜਦੀ ਦੇਖ ਉਸ ਨੂੰ ਇਲਾਜ ਲਈ ਪਹਿਲਾਂ ਮਾਛੀਵਾੜਾ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਨਵਾਂਸ਼ਹਿਰ ਦਾਖਲ ਕਰਵਾ ਦਿੱਤਾ ਗਿਆ ਹੈ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।