ਵੈੱਬ ਡੈਸਕ (ਸਾਹਿਬ) - ਪਿੰਡ ਗੂੜ੍ਹੀ ਸੰਘਰ ’ਚ 46 ਸਾਲਾਂ ਬਲਜੀਤ ਸਿੰਘ ਪੁੱਤਰ ਨਰ ਸਿੰਘ ਦੀ ਖੇਤ ’ਚ ਕੰਮ ਕਰਦੇ ਸਮੇਂ ਟਿਊਬਵੈੱਲ ਦੀ ਮੋਟਰ ਚਲਾਉਣ ਸਮੇਂ ਕਰੰਟ ਲੱਗਣ ਨਾਲ ਮੌਤ ਹੋ ਗਈ । ਇਸ ਸਬੰਧੀ ਭਰੇ ਮੰਨ ਨਾਲ ਜਾਣਕਾਰੀ ਦਿੰਦੇ ਸਿਕੰਦਰ ਸਿੰਘ ਨੰਬਰਦਾਰ ਨੇ ਦੱਸਿਆ ਕਿ ਜਦ ਬਲਜੀਤ ਸਿੰਘ ਆਪਣੇ ਖੇਤ ’ਚ ਝੋਨੇ ਦੀ ਸਿੰਜਾਈ ਲਈ ਟਿਊਬਵੈੱਲ ਦੀ ਮੋਟਰ ਚਲਾਉਣ ਗਿਆ ਸੀ ਕਿ ਅਚਾਨਕ ਬਿਜਲੀ ਦੀ ਤਾਰ ਤੋਂ ਜ਼ਬਰਦਸਤ ਕਰੰਟ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਕਿਸਾਨ ਬਲਜੀਤ ਸਿੰਘ ਬਹੁਤ ਹੀ ਗਰੀਬ ਅਤੇ ਛੋਟਾ ਜ਼ਿਮੀਂਦਾਰ ਸੀ, ਜਿਸ ਕੋਲ ਸਿਰਫ ਦੋ ਏਕੜ ਜ਼ਮੀਨ ਸੀ ਜਿਸ ਨਾਲ ਹੀ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਓਥੇ ਹੀ ਮ੍ਰਿਤਕ ਕਿਸਾਨ ਬਲਜੀਤ ਸਿੰਘ ਆਪਣੇ ਪਿੱਛੇ ਪਰਿਵਾਰ ’ਚ ਪਤਨੀ ਸਮੇਤ ਤਿੰਨ ਧੀਆਂ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਪਰਿਵਾਰ ਦੀ ਆਰਥਿਕ ਸਥਿਤੀ ਵਿਚ ਸੁਧਾਰ ਕੀਤਾ ਜਾ ਸਕੇ।