ਹਰਿਆਣਾ ਦੇ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸਵੇਅ 'ਤੇ ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ ਨੂੰ ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਅੱਗ ਲੱਗਣ ਕਾਰਨ ਅੱਠ ਲੋਕ ਜ਼ਿੰਦਾ ਸੜ ਗਏ। ਇਸ ਖ਼ਬਰ ਨਾਲ ਪੰਜਾਬ ਵਿੱਚ ਵੀ ਸੋਗ ਦੀ ਲਹਿਰ ਫੈਲ ਗਈ ਹੈ। ਮਰਨ ਵਾਲੇ ਛੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿੱਚੋਂ ਤਿੰਨ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ। ਸ਼ਰਧਾਲੂ ਮਥੁਰਾ ਅਤੇ ਵ੍ਰਿੰਦਾਵਨ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਰਾਕੇਸ਼ ਕੁਮਾਰ ਪਿਛਲੇ 20 ਸਾਲਾਂ ਤੋਂ ਹਰ ਸਾਲ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਤੀਰਥ ਯਾਤਰਾ 'ਤੇ ਲੈ ਕੇ ਜਾਂਦਾ ਸੀ। ਹਾਦਸੇ ਵਿੱਚ ਰਾਕੇਸ਼ ਕੁਮਾਰ ਦੀ ਪਤਨੀ ਅਤੇ ਪੁੱਤਰ ਦੀ ਵੀ ਮੌਤ ਹੋ ਗਈ। ਰਾਕੇਸ਼ ਕੁਮਾਰ ਸ਼ਾਲੀਮਾਰ ਨਗਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ। ਮਰਨ ਵਾਲਿਆਂ ਦੇ ਨਾਂ ਗੌਤਮ ਪੁੱਤਰ ਰਾਕੇਸ਼ ਕੁਮਾਰ, ਸ਼ਸ਼ੀ ਸੁਨੀਲਾ, ਸੁਨੀਤਾ, ਅਮਰਾਵਤੀ ਊਸ਼ਾ, ਸ਼ਾਰਦਾ ਅਤੇ ਸੁਨੀਤਾ ਦੱਸੇ ਜਾਂਦੇ ਹਨ। ਮਰਨ ਵਾਲਿਆਂ ਵਿੱਚ 12 ਸਾਲ ਦੀ ਬੱਚੀ ਯੋਗਿਤਾ ਵੀ ਸ਼ਾਮਲ ਹੈ।