ਬਟਾਲਾ (ਰਾਘਵ): ਬਟਾਲਾ ਨੇੜਲੇ ਪਿੰਡ ਚੰਦੂ ਮੰਝ 'ਚ ਇੱਕ 22 ਸਾਲਾ ਨੌਜਵਾਨ ਦੀ ਕਿਰਚਾਂ ਮਾਰ ਕੇ ਕਤਲ ਕਰਨ ਦੀ ਘਟਨਾ ਵਾਪਰੀ ਹੈ। 22 ਸਾਲਾ ਨੌਜਵਾਨ ਦੀ ਮੌਤ ਕਾਰਨ ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿੱਚ ਹਨ ਅਤੇ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਅਭੈ ਦਾ ਮੁਲਜ਼ਮਾਂ ਨਾਲ ਕੋਈ ਮਾਮੂਲੀ ਤਕਰਾਰ ਹੋਇਆ ਸੀ, ਜਿਸ ਪਿੱਛੋਂ ਰਾਜੀਨਾਵਾਂ ਹੋ ਗਿਆ ਸੀ, ਪਰੰਤੂ ਮੁਲਜ਼ਮਾਂ ਨੇ ਇਸ ਉਪਰੰਤ ਵੀ ਘਰ 'ਚ ਵੜ ਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਦੇ ਪਿਤਾ ਦਾਨਿਸ਼ ਨੇ ਕਿਹਾ ਕਿ ਸਾਡੇ ਘਰ ਦੇ ਬਿਲਕੁਲ ਨੇੜੇ ਹੀ ਘਰ ਹੈ, ਜਿਨਾਂ ਨਾਲ ਕੁਝ ਦਿਨ ਪਹਿਲਾਂ ਮਾਮੂਲੀ ਤਕਰਾਰ ਹੋਈ ਸੀ ਪਿੰਡ ਦੀ ਪੰਚਾਇਤ ਨੇ ਰਾਜੀਨਾਮਾ ਕਰਵਾ ਦਿੱਤਾ ਸੀ ਪਰ ਬੀਤੀ ਦੇਰ ਸ਼ਾਮ ਕੁਝ ਲੜਕੇ ਫਿਰ ਆਉਂਦੇ ਹਨ ਅਤੇ ਮੇਰੇ ਮੁੰਡੇ ਨਾਲ ਲੜਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਘਰ ਮੌਜੂਦ ਨਹੀਂ ਸੀ, ਜਿਸ ਕਾਰਨ ਮੇਰੇ ਲੜਕੇ 'ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਨ੍ਹਾਂ ਨੇ ਕਈ ਵਾਰ ਕੀਤੇ, ਜਿਸ ਪਿੱਛੋਂ ਅਭੈ ਨੂੰ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਸਦੀ ਮੌਤ ਹੋ ਗਈ।
ਦੂਸਰੇ ਪਾਸੇ ਜਾਂਚ ਕਰ ਰਹੇ ਡੀਐਸਪੀ ਫਤਿਹਗੜ੍ਹ ਚੂੜੀਆਂ ਨੇ ਕਿਹਾ ਕਿ ਜਾਣਕਾਰੀ ਮਿਲੀ ਸੀ ਕਿ ਪਿੰਡ ਚੰਦੂ ਮੰਝ ਵਿੱਚ ਮਾਮੂਲੀ ਤਕਰਾਰ ਨੂੰ ਲੈ ਕੇ ਲੜਾਈ ਹੋਈ ਸੀ, ਜਿਸ ਵਿੱਚ ਇੱਕ 22 ਸਾਲਾਂ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਦੋਸ਼ੀ ਨੂੰ ਰਾਊਂਡ ਅਪ ਕਰ ਲਿਆ ਹੈ ਤੇ ਬਾਕੀਆਂ ਨੂੰ ਵੀ ਬਹੁਤ ਜਲਦ ਗਿਰਫਤਾਰ ਕਰ ਲਿਆ ਜਾਵੇਗਾ।