ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਬੋਹਰ ਦੇ ਰਹਿਣ ਵਾਲੇ 17 ਸਾਲਾ ਲੜਕੇ ਨੂੰ ਨਸ਼ੇ ਦੀ ਅਜਿਹੀ ਲਤ ਲੱਗੀ ਹੋਈ ਹੈ ਕਿ ਬੀਤੀ ਰਾਤ ਉਸ ਨੇ ਬਲੇਡ ਨਾਲ 100 ਤੋਂ ਵੱਧ ਵਾਰ ਵੱਢ ਕੇ ਖ਼ੁਦ ਨੂੰ ਜ਼ਖ਼ਮੀ ਕਰ ਲਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਵਿੱਚ ਦਾਖ਼ਲ ਇੰਦਰਾ ਨਗਰੀ ਵਾਸੀ ਰੋਹਿਤ ਪੁੱਤਰ ਰਾਮ ਕਿਸ਼ਨ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਫਾਸਟ ਫੂਡ ਦੀ ਰੇਹੜੀ ’ਤੇ ਕੰਮ ਕਰਦਾ ਹੈ, ਜਦਕਿ ਉਸ ਦਾ ਛੋਟਾ ਭਰਾ ਕਾਫੀ ਸਮੇਂ ਤੋਂ ਨਸ਼ੇ ਦਾ ਆਦੀ ਹੈ।
ਬੀਤੀ ਰਾਤ ਵੀ ਉਸ ਦਾ ਭਰਾ ਨਸ਼ੇ 'ਚ ਧੁੱਤ ਹੋ ਕੇ ਆਪਣੇ-ਆਪ ਨੂੰ ਬਲੇਡ ਨਾਲ ਵੱਢ ਰਿਹਾ ਸੀ, ਜਦੋਂ ਉਸ ਨੇ ਆਪਣੇ ਭਰਾ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਨਸ਼ੇ ’ਚ ਧੁੱਤ ਉਸ ਨੇ ਉਸ ਦੇ ਸਿਰ ’ਤੇ ਲੋਹੇ ਦੀ ਰਾਡ ਨਾਲ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ। ਇਲਾਜ ਅਧੀਨ ਰੋਹਿਤ ਨੇ ਦੱਸਿਆ ਕਿ ਉਹ ਆਪਣੇ ਭਰਾ ਦੇ ਭਵਿੱਖ ਦੇ ਹਨੇਰੇ ’ਚ ਡੁੱਬਣ ਕਾਰਨ ਬਹੁਤ ਚਿੰਤਤ ਹੈ। ਉਸ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ 'ਚ ਨਸ਼ਾ ਸਮੱਗਲਿੰਗ ਕਰਨ ਵਾਲੇ ਲੋਕਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ ਅਤੇ ਉਸ ਦੇ ਭਰਾ ਨੂੰ ਨਸ਼ਾ ਛੁਡਾਊ ਕੇਂਦਰ 'ਚ ਦਾਖ਼ਲ ਕਰਵਾਇਆ ਜਾਵੇ।