ਲੁਧਿਆਣਾ (ਦੇਵ ਇੰਦਰਜੀਤ) : ਮਹਾਨਗਰ ’ਚ 12 ਸਾਲ ਦੀ ਇਕ ਬੱਚੀ ਦਾ ਉਸ ਦੇ ਘਰ ਵਿਚ ਹੀ ਜਬਰ-ਜ਼ਿਨਾਹ ਕੀਤੇ ਜਾਣ ਦਾ ਸਨਸਨੀਖੇਜ਼ ਕੇਸ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਸਾਬਕਾ ਗੁਆਂਢੀ ਨੇ ਬੱਚੀ ਦੀ ਧੌਣ ’ਤੇ ਦਾਤਰ ਰੱਖ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਦੀ ਪਛਾਣ ਗੋਇਲ ਕਾਲੋਨੀ ਦੇ 18 ਸਾਲਾ ਸਿਮਰਨਜੀਤ ਸਿੰਘ ਉਰਫ਼ ਮੋਨੂੰ ਵਜੋਂ ਹੋਈ ਹੈ। ਇਸ ਕੇਸ ’ਚ ਇਕ ਅਣਪਛਾਤੀ ਜਨਾਨੀ ਨੂੰ ਵੀ ਸਹਿ-ਦੋਸ਼ੀ ਬਣਾਇਆ ਗਿਆ ਹੈ। ਬੱਚੀ ਦਾ ਪਿਤਾ ਸਕਿਓਰਿਟੀ ਗਾਰਡ ਦੀ ਨੌਕਰੀ ਕਰਦਾ ਹੈ, ਜਦੋਂ ਕਿ ਮਾਤਾ ਘਰੇਲੂ ਔਰਤ ਹੈ।
ਦੋਸ਼ ਹੈ ਕਿ 11 ਅਗਸਤ ਦੀ ਰਾਤ ਨੂੰ ਕਰੀਬ 9 ਵਜੇ ਮੋਨੂੰ ਜ਼ਬਰਨ ਬੱਚੀ ਦੇ ਘਰ ’ਚ ਦਾਖ਼ਲ ਹੋਇਆ ਅਤੇ ਰਸੋਈ ’ਚ ਉਸ ਦੀ ਧੌਣ ’ਤੇ ਦਾਤਰ ਰੱਖ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਦੱਸਿਆ ਜਾਂਦਾ ਹੈ ਕਿ ਮੋਨੂੰ ਜਦੋਂ ਇਸ ਘਿਨਾਉਣੀ ਕਰਤੂਤ ਨੂੰ ਅੰਜਾਮ ਦੇ ਰਿਹਾ ਸੀ ਤਾਂ ਬੱਚੀ ਦੀ ਮਾਂ ਆ ਗਈ, ਜਿਸ ਨੂੰ ਦੇਖ ਕੇ ਮੁਲਜ਼ਮ ਬਾਹਰ ਖੜ੍ਹੀ ਸਕੂਟਰੀ ’ਤੇ ਇਕ ਜਨਾਨੀ ਨਾਲ ਫ਼ਰਾਰ ਹੋ ਗਿਆ। ਪਿਤਾ ਦੇ ਘਰ ਪਰਤਣ ’ਤੇ ਬੱਚੀ ਨੇ ਸਾਰੀ ਗੱਲ ਉਸ ਨੂੰ ਦੱਸੀ। ਪੀੜਤਾ ਦੀ ਮਾਤਾ ਨੇ ਦੱਸਿਆ ਕਿ ਬਦਨਾਮੀ ਦੇ ਡਰੋਂ ਉਨ੍ਹਾਂ ਨੇ ਉਸ ਸਮੇਂ ਕਿਸੇ ਨੂੰ ਕੁੱਝ ਨਹੀਂ ਦੱਸਿਆ ਪਰ ਉਨ੍ਹਾਂ ਦੇ ਬਰਦਾਸ਼ਤ ਕਰਨ ਦੀ ਹੱਦ ਉਸ ਸਮੇਂ ਖ਼ਤਮ ਹੋ ਗਈ, ਜਦੋਂ ਮੁਲਜ਼ਮ ਨੇ ਫੋਨ ਕਰ ਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਪੁਲਸ ਕੋਲ ਸ਼ਿਕਾਇਤ ਕਰਨੀ ਪਈ। ਉਸ ਨੇ ਦੱਸਿਆ ਕਿ ਅਸੀਂ ਪਹਿਲਾਂ ਮੋਨੂੰ ਦੇ ਗੁਆਂਢ ’ਚ ਰਹਿੰਦੇ ਸੀ, ਜਿਸ ਕਾਰਨ ਮੋਨੂੰ ਦੀ ਉਨ੍ਹਾਂ ਦੇ ਘਰ ਆਉਣੀ-ਜਾਣੀ ਸੀ। ਮੋਨੂੰ ਸਾਡੀ ਗੈਰ-ਮੌਜੂਦਗੀ ’ਚ ਬੱਚੀ ਨਾਲ ਕਥਿਤ ਅਸ਼ਲੀਲ ਹਰਕਤਾਂ ਕਰਦਾ ਸੀ, ਜਿਸ ਕਾਰਨ ਸਾਨੂੰ ਮਜਬੂਰਨ ਉੱਥੋਂ ਘਰ ਬਦਲਣਾ ਪਿਆ। ਫਿਰ ਵੀ ਮੁਲਜ਼ਮ ਨੇ ਉਸ ਦਾ ਪਿੱਛਾ ਨਹੀਂ ਛੱਡਿਆ ਤੇ ਫੋਨ ਕਰ ਕੇ ਉਸ ਨੂੰ ਤੰਗ-ਪਰੇਸ਼ਾਨ ਕਰਦਾ ਰਿਹਾ
ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਜਬਰ-ਜ਼ਿਨਾਹ ਦੀ ਧਾਰਾ-376, ਪੋਸਕੋ ਐਕਟ ਦੀ ਧਾਰਾ-6 ਅਤੇ ਧਮਕੀਆਂ ਦੇਣ ਦਾ ਪਰਚਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉੁਸ ਦੀ ਸਹਿਯੋਗੀ ਜਨਾਨੀ ਦੀ ਸ਼ਨਾਖਤ ਹੋ ਗਈ ਹੈ। ਜਨਾਨੀ ਦੀ ਭਾਲ ਕੀਤੀ ਜਾ ਰਹੀ ਹੈ। ਉਧਰ, ਦੋਸ਼ੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਮੋਨੂੰ ਨੂੰ ਝੂਠੇ ਕੇਸ ਵਿਚ ਫਸਾਇਆ ਗਿਆ ਹੈ। 15 ਅਗਸਤ ਨੂੰ ਕੁੜੀ ਦਾ ਜਨਮ ਦਿਨ ਸੀ, ਉਹ ਉਸ ਨੂੰ ਸਿਰਫ ਤੋਹਫ਼ਾ ਦੇਣ ਗਿਆ ਸੀ ਅਤੇ ਦੋਵੇਂ ਦੋਸਤ ਸਨ।