ਨਿਊਜ਼ ਡੈਸਕ (ਜਸਕਮਲ) : ਦਿੱਲੀ ਹਾਈ ਕੋਰਟ ਸ਼ੁੱਕਰਵਾਰ ਨੂੰ ਏਅਰ ਇੰਡੀਆ ਵੱਲੋਂ 40 ਤੋਂ ਵੱਧ ਸਥਾਈ ਤੇ ਠੇਕੇ ਵਾਲੇ ਪਾਇਲਟਾਂ ਨੂੰ ਬਹਾਲ ਕਰਨ ਦੇ ਨਿਰਦੇਸ਼ ਦੇਣ ਵਾਲੇ ਸਿੰਗਲ ਜੱਜ ਦੇ ਆਦੇਸ਼ ਦੇ ਖਿਲਾਫ ਪਟੀਸ਼ਨਾਂ ਦੇ ਇਕ ਸਮੂਹ 'ਤੇ ਆਪਣਾ ਫੈਸਲਾ ਸੁਣਾਏਗੀ, ਜਿਨ੍ਹਾਂ ਦੀਆਂ ਸੇਵਾਵਾਂ ਕੋਵਿਡ ਦੇ ਮੱਦੇਨਜ਼ਰ ਵਪਾਰਕ ਮੰਦੀ ਦੇ ਕਾਰਨ ਪਿਛਲੇ ਸਾਲ ਖਤਮ ਕਰ ਦਿੱਤੀਆਂ ਗਈਆਂ ਸਨ।
1 ਜੂਨ ਨੂੰ, ਸਿੰਗਲ ਜੱਜ ਨੇ ਏਅਰ ਇੰਡੀਆ ਦੇ ਕਈ ਪਾਇਲਟਾਂ ਦੀਆਂ ਸੇਵਾਵਾਂ ਖਤਮ ਕਰਨ ਅਤੇ ਉਨ੍ਹਾਂ ਦੇ ਅਸਤੀਫੇ ਵਾਪਸ ਲੈਣ ਤੋਂ ਇਨਕਾਰ ਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਕਿਹਾ ਸੀ ਕਿ ਭੱਤੇ ਸਮੇਤ ਪਿਛਲਾ ਤਨਖ਼ਾਹ, ਸੇਵਾ ਵਿਚਲੇ ਪਾਇਲਟਾਂ ਨੂੰ ਮਿਲਣ ਵਾਲੀ ਤਨਖਾਹ ਦੇ ਬਰਾਬਰ ਤੇ ਸਰਕਾਰੀ ਨਿਯਮਾਂ ਦੇ ਅਨੁਸਾਰ ਅਦਾ ਕੀਤਾ ਜਾਣਾ ਚਾਹੀਦਾ ਹੈ।
ਬਰਖਾਸਤ ਕੀਤੇ ਗਏ ਪਾਇਲਟਾਂ ਨੇ ਪਹਿਲਾਂ ਪਿਛਲੇ ਸਾਲ ਜੁਲਾਈ 'ਚ ਅਦਾਲਤ ਦਾ ਰੁਖ ਕੀਤਾ ਸੀ ਅਤੇ ਏਅਰ ਇੰਡੀਆ ਨੂੰ ਉਨ੍ਹਾਂ ਵੱਲੋਂ ਦਿੱਤੇ ਅਸਤੀਫ਼ੇ ਵਾਪਸ ਲੈਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ।ਕੁਝ ਪਾਇਲਟਾਂ ਨੇ ਸ਼ੁਰੂ 'ਚ ਤਨਖਾਹ ਤੇ ਭੱਤੇ ਵੰਡਣ ਵਿੱਚ ਏਅਰ ਇੰਡੀਆ ਦੁਆਰਾ ਦੇਰੀ ਨੂੰ ਲੈ ਕੇ ਆਪਣੇ ਅਸਤੀਫੇ ਦੇ ਦਿੱਤੇ ਸਨ।