ਨਿਊਜ਼ ਡੈਸਕ (ਜਸਕਮਲ) : ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਦੇ ਸੀਈਓ ਸੌਰਭ ਗਰਗ ਨੇ ਵੀਰਵਾਰ ਨੂੰ ਇਕ ਨਿੱਜੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਕ ਦਹਾਕੇ ਪਹਿਲਾਂ ਇਸਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਭਾਰਤ 'ਚ 131 ਕਰੋੜ ਆਧਾਰ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। UIDAI ਇਕ ਕਾਨੂੰਨੀ ਅਥਾਰਟੀ ਹੈ, ਜੋ ਆਧਾਰ ਨੂੰ ਸੰਭਾਲਦੀ ਹੈ ਅਤੇ ਭਾਰਤ ਦੇ ਨਾਗਰਿਕਾਂ ਨੂੰ ਕਾਰਡ ਵੀ ਜਾਰੀ ਕਰਦੀ ਹੈ।
ਗਰਗ ਨੇ ਅੱਗੇ ਕਿਹਾ, ਭਾਰਤ ਦੀ ਕੁੱਲ 99.7% ਬਾਲਗ ਆਬਾਦੀ ਪਹਿਲਾਂ ਹੀ ਆਧਾਰ 'ਚ ਦਰਜ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੀਆਂ 300 ਸਕੀਮਾਂ ਤੇ ਵੱਖ-ਵੱਖ ਸੂਬਾ ਸਰਕਾਰਾਂ ਦੀਆਂ 400 ਸਕੀਮਾਂ ਨੂੰ ਆਧਾਰ ਸੇਵਾ ਨਾਲ ਜੋੜਿਆ ਗਿਆ ਹੈ। UIDAI ਦੇ ਸੀਈਓ ਨੇ ਨੋਟ ਕੀਤਾ ਕਿ ਅੱਗੇ ਜਾ ਕੇ, ਅਥਾਰਟੀ ਦੀ ਕੋਸ਼ਿਸ਼ ਨਵਜੰਮੇ ਬੱਚਿਆਂ ਨੂੰ ਆਧਾਰ 'ਚ ਦਰਜ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸੁਰੱਖਿਆ ਪ੍ਰਣਾਲੀ ਵਿਸ਼ਵ ਪੱਧਰੀ ਹੈ।
UIDAI ਦੀ ਵੈੱਬਸਾਈਟ ਦੇ ਅਨੁਸਾਰ, ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਆਧਾਰ ਨਾਮਾਂਕਣ ਲਈ ਕਿਸੇ ਵਿਅਕਤੀ ਦੀਆਂ ਦਸ ਉਂਗਲਾਂ, ਚਿਹਰਾ ਤੇ ਚਿਹਰੇ ਦੀ ਫੋਟੋ ਸਮੇਤ ਕੋਈ ਬਾਇਓਮੈਟ੍ਰਿਕਸ ਨਹੀਂ ਲਏ ਜਾਣਗੇ। ਉਨ੍ਹਾਂ ਦੇ ਵਿਲੱਖਣ ਪਛਾਣ ਨੰਬਰ (UID) ਨੂੰ ਉਨ੍ਹਾਂ ਦੇ ਮਾਤਾ-ਪਿਤਾ ਦੀ UIDs ਨਾਲ ਜੁੜੀ ਜਾਣਕਾਰੀ ਤੇ ਚਿਹਰੇ ਦੀ ਫੋਟੋ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।