ਨਿਊਜ਼ ਡੈਸਕ (ਜਸਕਮਲ) : ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਇਕ 29 ਸਾਲਾ ਵਿਅਕਤੀ ਨੇ ਆਪਣੇ ਪ੍ਰੇਮੀ ਦੇ ਪਤੀ ਵੱਲੋਂ ਫੜੇ ਜਾਣ ਤੋਂ ਬਚਣ ਲਈ ਇਥੇ ਇਕ ਇਮਾਰਤ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਮੋਹਸੀਨ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਉਹ ਇਕ ਵਿਆਹੁਤਾ ਔਰਤ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਔਰਤ ਦੀ ਨਾਬਾਲਗ ਧੀ ਦੇ ਨਾਲ ਇੱਥੇ ਪ੍ਰਤਾਪ ਨਗਰ ਥਾਣੇ ਦੇ ਅਧੀਨ ਇਕ ਇਮਾਰਤ 'ਚ ਕਿਰਾਏ ਦੇ ਫਲੈਟ 'ਚ ਰਹਿ ਰਹੇ ਸਨ। ਮਹਿਲਾ ਦੋ ਸਾਲ ਪਹਿਲਾਂ ਨੈਨੀਤਾਲ ਤੋਂ ਮੋਹਸੀਨ ਨਾਲ ਫਰਾਰ ਹੋ ਗਈ ਸੀ। ਪੁਲਿਸ ਨੇ ਕਿਹਾ ਕਿ ਉਸਦਾ ਪਤੀ ਉਸਦੀ ਭਾਲ ਕਰ ਰਿਹਾ ਸੀ ਤੇ ਉਸਨੂੰ ਜੈਪੁਰ ਤਕ ਲੱਭਣ 'ਚ ਕਾਮਯਾਬ ਰਿਹਾ।
ਐਤਵਾਰ ਨੂੰ ਔਰਤ ਦਾ ਪਤੀ ਉਸ ਘਰ ਗਿਆ, ਜਿੱਥੇ ਉਹ ਉਸ ਦੀ ਪਤਨੀ ਮੋਹਸੀਨ ਨਾਲ ਰਹਿ ਰਹੀ ਸੀ। ਉਸ ਨੂੰ ਦੇਖ ਕੇ ਮੋਹਸੀਨ ਘਬਰਾ ਗਿਆ ਤੇ ਘਰ ਦੀ ਬਾਲਕੋਨੀ ਤੋਂ ਛਾਲ ਮਾਰ ਦਿੱਤੀ। ਪ੍ਰਤਾਪ ਨਗਰ ਥਾਣੇ ਦੇ ਸਟੇਸ਼ਨ ਹਾਊਸ ਅਫਸਰ ਬਲਵੀਰ ਸਿੰਘ ਨੇ ਦੱਸਿਆ ਕਿ ਔਰਤ ਨੇ ਉਸ ਨੂੰ ਐਸਐਮਐਸ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਸੋਮਵਾਰ ਰਾਤ ਉਸ ਦੀ ਮੌਤ ਹੋ ਗਈ।
ਮੋਹਸਿਨ ਤੇ ਔਰਤ ਕੁਝ ਦਿਨ ਪਹਿਲਾਂ ਹੀ ਐੱਨਆਰਆਈ ਸਰਕਲ ਨੇੜੇ ਫਲੈਟ 'ਚ ਸ਼ਿਫਟ ਹੋਏ ਸਨ। ਉਸ ਨੇ ਕਿਹਾ ਕਿ ਪਹਿਲਾਂ ਉਹ ਇੱਥੇ ਇਕ ਵੱਖਰੇ ਇਲਾਕੇ 'ਚ ਰਹਿ ਰਹੇ ਸਨ। ਔਰਤ ਤੇ ਉਸ ਦਾ ਪਤੀ ਲਾਪਤਾ ਹਨ ਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਮੋਹਸਿਨ ਦੀ ਲਾਸ਼ ਮੰਗਲਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ