ਸੂਬੇ ਭਰ ’ਚ ਪਨਬੱਸ ਤੇ ਪੀਆਰਟੀਸੀ ਦੇ ਕੰਟਰੈਕਟ ਵਰਕਰਾਂ ਵਲੋਂ ਹੜਤਾਲ, ਨਿੱਜੀ ਬੱਸਾਂ ਵਾਲਿਆਂ ਨੇ ਲਿਆ ਲਾਹਾ, ਲੋਕ ਪਰੇਸ਼ਾਨ
ਨਿਊਜ਼ ਡੈਸਕ (ਜਸਕਮਲ) : ਅੱਜ ਸੂਬੇ ਭਰ 'ਚ ਪਨਬਸ ਤੇ ਪੀਆਰਟੀਸੀ ਦੇ ਕੰਟਰੈਕਟ ਵਰਕਰਾਂ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਕਾਰਨ ਲੋਕਾਂ ਨੂੰ ਸਫ਼ਰ ਕਰਨ ਲਈ ਭਾਰੀ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਸ਼ੱਕ ਇਸ ਹੜਤਾਲ ਨਾਲ ਨਜਿੱਠਣ ਲਈ ਪਨਬਸ ਤੇ ਪੀਆਰਟੀਸੀ ਦੇ ਪ੍ਰਬੰਧਕਾਂ ਨੇ ਆਪਣੇ ਪੱਕੇ ਮੁਲਾਜ਼ਮਾਂ ਰਾਹੀਂ ਕੁਝ ਰੂਟਾਂ ਉਪਰ ਬੱਸ ਸੇਵਾ ਨੂੰ ਜਾਰੀ ਰੱਖਣ ਦਾ ਉਪਰਾਲਾ ਕੀਤਾ ਹੈ ਪਰ ਜ਼ਿਆਦਾਤਰ ਬੱਸਾਂ ਨਾ ਚੱਲਣ ਕਾਰਨ ਲੋਕਾਂ ਨੂੰ ਵੱਡੀ ਤਕਲੀਫ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਥੇਬੰਦੀ ਦੇ ਆਗੂ ਕਮਲ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਪਿਛਲੇ ਲੰਮੇ ਸਮੇਂ ਤੋਂ ਹੱਲ ਨਹੀਂ ਕੀਤਾ ਜਾ ਰਿਹਾ। ਮਹਿਕਮੇ ਦੇ ਅਧਿਕਾਰੀਆਂ ਨੂੰ ਨੋਟਿਸ ਭੇਜਣ ਦੇ ਬਾਵਜੂਦ ਹੁਣ ਤੱਕ ਮਸਲੇ ਦੇ ਹੱਲ ਲਈ ਨਹੀਂ ਬੁਲਾਇਆ, ਜਿਸ ਕਾਰਨ ਹੁਣ ਸਖ਼ਤ ਐਕਸ਼ਨ ਲੈਂਦਿਆਂ ਹੜਤਾਲ ਵਰਗਾ ਸਖ਼ਤ ਫੈਸਲਾ ਉਲੀਕਿਆ ਗਿਆ ਹੈ। ਜਥੇਬੰਦੀ ਨੇ ਐਲਾਨ ਕੀਤਾ ਕਿ ਭਲਕੇ 8 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦਾ ਘਿਰਾਓ ਸਣੇ ਨਵਾਂ ਅੰਦੋਲਨ ਆਰੰਭ ਕਰਨ ਦਾ ਫੈਸਲਾ ਕੀਤਾ ਜਾਵੇਗਾ।
ਅੱਜ ਦੀ ਹੜਤਾਲ ਦਾ ਖਾਸ ਪਹਿਲੂ ਇਹ ਰਿਹਾ ਕਿ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬਗ਼ੈਰ ਰੂਟਾਂ ’ਤੇ ਦੌੜਦੀਆਂ ਪ੍ਰਾਈਵੇਟ ਬੱਸਾਂ ਖ਼ਿਲਾਫ਼ ਕੀਤੀ ਸਖ਼ਤੀ ਦਾ ਪ੍ਰਭਾਵ ਸਰਕਾਰੀ ਲਾਰੀਆਂ ਬੰਦ ਹੋਣ ਸਮੇਂ ਵੇਖਣ ਨੂੰ ਮਿਲਿਆ। ਸੂਤਰਾਂ ਮੁਤਾਬਿਕ ਕੁੱਝ ਵੱਡੇ ਨਿੱਜੀ ਟਰਾਂਸਪੋਰਟਰਾਂ ਨੇ ਮੌਕੇ ਦਾ ਵਿੱਤੀ ਫਾਇਦਾ ਚੁੱਕਣ ਲਈ ਸਰਕਾਰ ਤੋਂ ‘ਅੱਖ ਬਚਾ ਕੇ’ ਪਹਿਲਾਂ ਵਾਲੀ ਖੇਡ ਖੇਡਣ ਦਾ ਜ਼ੋਖ਼ਮ ਚੁੱਕਿਆ।