ਨਿਊਜ਼ ਡੈਸਕ (ਜਸਕਮਲ) : ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ, ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਜਿਸ 'ਤੇ ਸਿੱਧੂ ਮੂਸੇਵਾਲਾ ਨੇ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਲਾਈਵ ਹੋ ਕੇ ਦੱਸਿਆ ਕਿ ਕਾਂਗਰਸ 'ਚ ਆਉਣ ਦਾ ਕੀ ਕਾਰਨ ਹੈ, ਤੇ ਉਹ ਪਾਰਟੀਆਂ 'ਚ ਕਿਉਂ ਨਹੀਂ ਗਿਆ।
ਸਿੱਧੂ ਮੂਸੇਵਾਲਾ ਨੇ ਇੰਸਟਾਗ੍ਰਾਮ 'ਤੇ ਲਾਈਵ ਕੀਤਾ 'ਤੇ ਕਿਹਾ...
ਮੈਂ ਸੋਚ ਕੇ ਹੀ ਸਿਆਸਤ 'ਚ ਪ੍ਰਵੇਸ਼ ਕੀਤਾ ਹੈ। ਮੈਨੂੰ ਪੁੱਛਿਆ ਜਾ ਰਿਹਾ ਹੈ ਕਿ ਮੈਂ ਸਿੱਖਾਂ ਨੂੰ ਮਾਰਨ ਵਾਲੀ ਪਾਰਟੀ 'ਚ ਕਿਉਂ ਸ਼ਾਮਲ ਹੋਇਆ। ਮੈਂ ਪੁੱਛਣਾ ਚਾਹੁੰਦਾ ਹਾਂ ਕਿ 1984 ਤੋਂ ਬਾਅਦ ਪੰਜਾਬ ਵਿਚ ਜਿੰਨੀ ਵਾਰ ਵੀ ਕਾਂਗਰਸ ਦੀ ਸਰਕਾਰ ਬਣੀ ਹੈ, ਸਰਕਾਰ ਨੂੰ ਚੁਣਨ ਵਾਲੇ ਲੋਕ ਗਦਾਰ ਸਨ? ਕੀ ਮਨਮੋਹਨ ਸਿੰਘ ਵੀ ਗੱਦਾਰ ਹੈ? ਮੈਨੂੰ ਅਕਾਲੀ ਦਲ, ਭਾਜਪਾ ਤੇ ਹੋਰ ਪਾਰਟੀਆਂ ਤੋਂ ਵੀ ਪੇਸ਼ਕਸ਼ਾਂ ਆਈਆਂ ਹਨ। ਕਿਹਾ- ਮੈਨੂੰ ਗੱਦਾਰ ਨਾ ਕਿਹਾ ਜਾਵੇ, ਮਨਮੋਹਨ ਸਿੰਘ ਵੀ ਇਸੇ ਪਾਰਟੀ ਨੇ ਦਿੱਤਾ ਸੀ, ਕੁਝ ਬਦਲਣ ਲਈ ਦਲਦਲ 'ਚ ਪੈਣਾ ਪੈਂਦਾ। ਮੈਨੂੰ ਸਰਟੀਫਿਕੇਟਾਂ ਦੀ ਪਰਵਾਹ ਨਹੀਂ ਸੋਸ਼ਲ ਮੀਡੀਆ ਉਤੇ ਸਰਟੀਫਿਕੇਟ ਵੰਡਣੇ ਸੌਖੇ ਨੇ ਜੇ ਮੈਂ ਕੋਈ ਹੋਰ ਪਾਰਟੀ ਵਿਚ ਜਾਂਦਾ ਵਿਰੋਧ ਤਾਂ ਵੀ ਕਰਨਾ ਸੀ, ਖੁਦ ਲੋਕ ਦਾਰੂ ਪਿੱਛੇ ਵੋਟ ਪਾਉਂਦੇ ਹਨ। ਮੈਨੂੰ ਪੈਸੇ ਦੀ ਕਮੀ ਨਹੀਂ, ਨਾ ਫੇਮ ਦੀ, ਮੈਂ ਤਾਲਾਬ ਸਾਫ਼ ਕਰਨ ਉੱਤਰਿਆਂ, ਤੁਸੀਂ ਵੀ ਆਓ ਮੈਂ ਆਪਣੇ ਇਲਾਕੇ ਲਈ ਕੰਮ ਕਰਨਾ ਹੈ ।ਹਮੇਸ਼ਾ ਗਲਤ ਨੂੰ ਗਲਤ ਕਿਹਾ ਹੈ, ਅੱਗੇ ਵੀ ਕਹਿੰਦਾ ਰਹਾਂਗਾ।
ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ 'ਚ ਕੱਲ੍ਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਸਨ। ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਕਾਂਗਰਸ ’ਚ ਸ਼ਮੂਲੀਅਤ ਮਗਰੋਂ ਚਰਚੇ ਸ਼ੁਰੂ ਹੋਏ ਹਨ ਕਿ ਕਾਂਗਰਸ ਪਾਰਟੀ ਸਿੱਧੂ ਮੂਸੇਵਾਲਾ ਨੂੰ ਹਲਕਾ ਮਾਨਸਾ ਤੋਂ ਪਾਰਟੀ ਉਮੀਦਵਾਰ ਬਣਾ ਸਕਦੀ ਹੈ।
ਨੌਜਵਾਨਾਂ 'ਚ ਸਿੱਧੂ ਮੂਸੇਵਾਲਾ ਦੀ ਹਰਮਨਪਿਆਰਤਾ ਦਾ ਕਾਂਗਰਸ ਸਿਆਸੀ ਲਾਹਾ ਚੁੱਕਣਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਇੱਥੇ ਪੰਜਾਬ ਭਵਨ ’ਚ ਹੋਏ ਸੰਖੇਪ ਸਮਾਗਮ ’ਚ ਸਿੱਧੂ ਮੂਸੇਵਾਲਾ ਦੀ ਕਾਂਗਰਸ ਵਿਚ ਸ਼ਮੂਲੀਅਤ ਹੋਈ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸਵਾਗਤ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਾਂਗਰਸ ’ਚ ਸ਼ਾਮਿਲ ਹੋਣਾ ਪੰਜਾਬ ਵਿਚ ਨਵੀਂ ਕ੍ਰਾਂਤੀ ਦਾ ਸੰਕੇਤ ਹੈ, ਜਿਸ ਨਾਲ ਨਵਾਂ ਪੰਜਾਬ ਸਿਰਜਣ ’ਚ ਮਦਦ ਮਿਲੇਗੀ। ਚੰਨੀ ਨੇ ਕਿਹਾ ਕਿ ਹੁਣ ਕਾਂਗਰਸ ਤਰਫੋਂ ਪੰਜਾਬ ’ਚ ਸਿੱਧੂ ਮੂਸੇਵਾਲਾ ਦਾ ਬੰਬੀਹਾ ਬੋਲੇਗਾ।