ਨਿਊਜ਼ ਡੈਸਕ : ਦਿੱਲੀ ਦੇ ਸ਼ਾਹਦਰਾ ਇਲਾਕੇ ਤੋਂ ਅਗਵਾ ਹੋਇਆ ਬੱਚਾ ਮੁੰਬਈ ਦੇ ਧਾਰਾਵੀ ਤੋਂ ਬਰਾਮਦ ਹੋਇਆ ਹੈ। ਅਗਵਾਕਾਰ ਬੱਚੇ ਨੂੰ ਆਪਣੇ ਨਸ਼ੇ ਦੀ ਪੂਰਤੀ ਲਈ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਮੁਲਜ਼ਮ ਨੂੰ ਮੁੰਬਈ ਦੇ ਮਹਿਮ ਰੇਲਵੇ ਸਟੇਸ਼ਨ ਨੇੜਿਓਂ ਗ੍ਰਿਫ਼ਤਾਰ ਕਰ ਲਿਆ।
ਮਾਨਸਰੋਵਰ ਪਾਰਕ ਥਾਣੇ 'ਚ 25 ਨਵੰਬਰ ਨੂੰ ਇਕ ਔਰਤ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ 10 ਸਾਲਾ ਬੱਚਾ ਘਰ ਦੇ ਬਾਹਰੋਂ ਲਾਪਤਾ ਹੋ ਗਿਆ ਹੈ। ਪੁਲੀਸ ਨੇ ਤੁਰੰਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸੀਸੀਟੀਵੀ ਫੁਟੇਜ ਵੀ ਖੰਘਾਲੀ ਪਰ ਬੱਚੇ ਜਾਂ ਮੁਲਜ਼ਮ ਦਾ ਕੋਈ ਸੁਰਾਗ ਨਹੀਂ ਮਿਲਿਆ।
ਇਸ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ 25 ਨਵੰਬਰ ਤੋਂ ਉਸ ਇਲਾਕੇ 'ਚ ਰਹਿਣ ਵਾਲਾ ਕੋਈ ਨਸ਼ੇੜੀ ਵੀ ਨਜ਼ਰ ਨਹੀਂ ਆ ਰਿਹਾ। ਉਸ ਨਸ਼ੇੜੀ ਦਾ ਨਾਂ ਸ਼ਿਵ ਸ਼ੰਕਰ ਉਰਫ ਸ਼ਿਵਾ ਸੀ। ਪੁਲਿਸ ਨੇ ਸ਼ਿਵਾ ਨੂੰ ਬੱਚੇ ਦੀ ਮਾਂ ਕੋਲੋਂ ਫੋਨ ਕਰਵਾਇਆ ਤਾਂ ਕਿ ਸ਼ਿਵਾ ਚੌਕਸ ਨਾ ਹੋ ਸਕੇ ਪਰ ਸ਼ਿਵ ਨੇ ਬੱਚੇ ਦੀ ਮਾਂ ਨੂੰ ਫੋਨ ਦੱਸਿਆ ਕਿ ਉਹ ਪਠਾਨਕੋਟ 'ਚ ਹੈ ਤੇ ਉਸ ਨੂੰ ਬੱਚੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਉਪਰੰਤ ਸ਼ਿਵਾ ਨੇ ਆਪਣਾ ਫੋਨ ਬੰਦ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਸ਼ਿਵਾ ਦਾ ਮੋਬਾਈਲ ਟਰੇਸ ਕੀਤਾ ਤਾਂ ਪਤਾ ਲੱਗਾ ਕਿ ਉਹ ਉਸ ਸਮੇਂ ਪਠਾਨਕੋਟ 'ਚ ਨਹੀਂ, ਸਗੋਂ ਮੁੰਬਈ ਵਿਖੇ ਧਾਰਾਵੀ 'ਚ ਮੌਜੂਦ ਹੈ।
NGO ਵਰਕਰ ਤੋਂ ਮਿਲਿਆ ਸੁਰਾਗ
ਇਸ ਤੋਂ ਬਾਅਦ ਪੁਲਸ ਨੂੰ ਸ਼ਿਵ 'ਤੇ ਸ਼ੱਕ ਹੋਇਆ ਤੇ ਫਿਰ ਪੁਲਿਸ ਨੇ ਸਵਿਚ ਆਫ ਕਰਨ ਤੋਂ ਪਹਿਲਾਂ ਉਨ੍ਹਾਂ ਨੰਬਰਾਂ ਦੀ ਜਾਂਚ ਕੀਤੀ, ਜਿਨ੍ਹਾਂ ਨਾਲ ਸ਼ਿਵਾ ਨੇ ਗੱਲ ਕੀਤੀ ਸੀ। ਇਸ ਦੌਰਾਨ ਪੁਲਿਸ ਨੇ ਧਾਰਾਵੀ ਵਿਚ ਰਹਿੰਦੇ ਇਕ ਐੱਨਜੀਓ ਵਰਕਰ ਨਾਲ ਵੀ ਗੱਲਬਾਤ ਕੀਤੀ। ਐੱਨਜੀਓ ਵਰਕਰ ਨੇ ਪੁਲਿਸ ਨੂੰ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਸ਼ਿਵਾ ਧਾਰਾਵੀ 'ਚ ਰਹਿੰਦਾ ਸੀ ਅਤੇ ਪਿਛਲੇ ਦੋ ਦਿਨਾਂ ਤੋਂ ਉਹ ਵਾਪਸ ਧਾਰਾਵੀ ਆ ਰਿਹਾ ਹੈ ਅਤੇ ਉਸ ਦੇ ਨਾਲ ਇਕ 10 ਸਾਲ ਦਾ ਬੱਚਾ ਵੀ ਹੈ।
ਦਿੱਲੀ ਪੁਲਿਸ ਤੁਰੰਤ ਪਹੁੰਚੀ ਮੁੰਬਈ
ਇਸ ਤੋਂ ਬਾਅਦ ਦਿੱਲੀ ਪੁਲਸ ਦੀ ਇਕ ਟੀਮ ਤੁਰੰਤ ਮੁੰਬਈ ਪਹੁੰਚੀ ਤੇ ਧਾਰਾਵੀ 'ਚ ਸਥਾਨਕ ਪੁਲਸ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦਿੱਲੀ ਪੁਲਸ ਨੂੰ ਪਤਾ ਲੱਗਾ ਕਿ ਦੋਸ਼ੀ ਮਹਿਮ ਰੇਲਵੇ ਸਟੇਸ਼ਨ ਨਜ਼ਦੀਕ ਹੈ ਤੇ ਬੱਚਾ ਵੀ ਉਸ ਦੇ ਨਾਲ ਹੈ। ਤੁਰੰਤ ਹੀ ਪੁਲਸ ਨੇ ਮੁਲਜ਼ਮ ਸ਼ਿਵਾ ਨੂੰ ਮਹਿਮ ਤੋਂ ਗ੍ਰਿਫਤਾਰ ਕਰ ਲਿਆ ਤੇ ਬੱਚੇ ਨੂੰ ਵੀ ਉਸ ਕੋਲੋਂ ਸੁਰੱਖਿਅਤ ਬਰਾਮਦ ਕਰ ਲਿਆ।