ਨਿਊਜ਼ ਡੈਸਕ (ਜਸਕਮਲ) : ਮੰਗਲਵਾਰ ਨੂੰ ਅਮਰੀਕਾ ਦੇ ਉੱਤਰੀ ਡੇਟਰਾਇਟ ਦੇ ਇਕ ਸਕੂਲ 'ਚ 15 ਸਾਲਾ ਵਿਦਿਆਰਥੀ ਨੇ ਗੋਲੀਬਾਰੀ ਕਰ ਦਿੱਤੀ, ਜਿਸ 'ਚ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਤੇ ਘੱਟੋ-ਘੱਟ 8 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਮੁਤਾਬਕ ਜ਼ਖਮੀਆਂ 'ਚ ਇਕ ਅਧਿਆਪਕ ਵੀ ਸ਼ਾਮਲ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੂੰ ਕਰੀਬ 12:55 'ਤੇ ਸੂਚਨਾ ਮਿਲੀ ਸੀ ਕਿ ਆਕਸਫੋਰਡ ਟਾਊਨਸ਼ਿਪ ਦੇ ਆਕਸਫੋਰਡ ਹਾਈ ਸਕੂਲ 'ਚ ਇਕ ਬੰਦੂਕਧਾਰੀ ਵਿਦਿਆਰਥੀ ਮੌਜੂਦ ਹੈ। ਓਕਲੈਂਡ ਕਾਉਂਟੀ ਸ਼ੈਰਿਫ ਦੇ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿਚ ਇਕ 16 ਸਾਲਾ ਵਿਦਿਆਰਥੀ, ਇਕ 14 ਸਾਲਾ ਤੇ ਇਕ 17 ਸਾਲਾ ਨੌਜਵਾਨ ਸ਼ਾਮਲ ਹਨ। ਇਸ ਦੇ ਨਾਲ ਹੀ ਜ਼ਖਮੀਆਂ 'ਚੋਂ 6 ਦੀ ਹਾਲਤ ਸਥਿਰ ਹੈ ਤੇ ਦੋ ਲੋਕਾਂ ਦਾ ਆਪਰੇਸ਼ਨ ਚੱਲ ਰਿਹਾ ਹੈ।
ਪੁਲਸ ਨੇ ਦੱਸਿਆ ਕਿ ਇਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਇਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਸ਼ੱਕੀ ਵਿਦਿਆਰਥੀ ਨੇ ਗ੍ਰਿਫਤਾਰੀ ਦੇ ਸਮੇਂ ਕੋਈ ਵਿਰੋਧ ਨਹੀਂ ਕੀਤਾ ਅਤੇ ਘਟਨਾ ਦੇ ਕਾਰਨਾਂ ਬਾਰੇ ਕੋਈ ਬਿਆਨ ਨਹੀਂ ਦਿੱਤਾ। ਮੁਲਜ਼ਮ ਨੇ ਵਕੀਲ ਦੀ ਮੰਗ ਕੀਤੀ ਹੈ।
ਅਮਰੀਕੀ ਰਾਸ਼ਟਰਪਤੀ ਨੇ ਪ੍ਰਗਟਾਇਆ ਦੁਖ
ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਟਵਿੱਟਰ 'ਤੇ ਕਿਹਾ, ''ਮੈਂ ਸਬੰਧਤ ਘਟਨਾ 'ਚ ਆਪਣੇ ਪਿਆਰਿਆਂ ਨੂੰ ਗੁਆਉਣ ਦੇ ਦੁੱਖ ਨੂੰ ਮਹਿਸੂਸ ਕਰ ਰਹੇ ਪਰਿਵਾਰਾਂ ਨਾਲ ਖੜ੍ਹਾ ਹਾਂ। ਮੈਂ ਇਸ ਦੁਖਦਾਈ ਘਟਨਾ ਬਾਰੇ ਆਪਣੀ ਟੀਮ ਦੇ ਨਜ਼ਦੀਕੀ ਸੰਪਰਕ ਵਿੱਚ ਹਾਂ।"