ਕਰਤਾਰਪੁਰ ਸਾਹਿਬ ‘ਚ ਫੋਟੋਸ਼ੂਟ ਕਰਨ ‘ਤੇ ਹੋਏ ਹੰਗਾਮੇ ਨੂੰ ਲੈ ਕੇ ਕੰਪਨੀ ਤੇ ਮਾਡਲ ਨੇ ਮੰਗੀ ਮੁਆਫੀ, ਕਿਹਾ ਸਾਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ…
ਨਿਊਜ਼ ਡੈਸਕ (ਜਸਕਮਲ) : ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਕੰਪਨੀ ਵੱਲੋਂ ਸਾਂਝੀਆਂ ਦੀ ਕੀਤੀਆਂ ਗਈਆਂ ਤਸਵੀਰਾਂ 'ਚ, ਇਕ ਮਾਡਲ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਔਰਤਾਂ ਦੇ ਕੱਪੜਿਆਂ ਦੇ ਬ੍ਰਾਂਡ ਦੇ ਇਸ਼ਤਿਹਾਰ ਲਈ (Pose) ਦਿੰਦੀ ਹੋਈ ਦੇਖੀ ਜਾ ਸਕਦੀ ਹੈ, ਜਿਸ ਨਾਲ ਸਿੱਖ ਸਮਾਜ ਦੀਆਂ ਭਾਵਨਾਵਾਂ ਨੂੰ ਕਾਫੀ ਠੇਸ ਪੁੱਜੀ ਹੈ।
ਪਾਕਿਸਤਾਨ ਪੁਲਿਸ ਨੇ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਲਿਬਾਸ ਦੇ ਇਕ ਬ੍ਰਾਂਡ ਲਈ ਨੰਗੇ ਸਿਰ ਫੋਟੋਸ਼ੂਟ ਕਰਵਾਉਣ ਤੋਂ ਬਾਅਦ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਇਕ ਪਾਕਿਸਤਾਨੀ ਮਾਡਲ ਤੇ ਲਿਬਾਸ ਬ੍ਰਾਂਡ ਵਿਰੁੱਧ ਜਾਂਚ ਸ਼ੁਰੂ ਕੀਤੀ ਹੈ। ਪੁਲਿਸ ਨੇ ਇਹ ਜਾਂਚ ਇਕ ਭਾਰਤੀ ਸਿੱਖ ਪੱਤਰਕਾਰ ਵੱਲੋਂ ਤਸਵੀਰਾਂ ਦੀ ਨਿੰਦਾ ਕਰਨ ਤੋਂ ਬਾਅਦ ਸ਼ੁਰੂ ਕੀਤੀ ਸੀ। ਪੱਤਰਕਾਰ ਨੇ ਟਵੀਟ ਕਰ ਕੇ ਦੱਸਿਆ ਕਿ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀਆਂ ਗਈਆਂ ਹਨ।
ਸਬੰਧਿਤ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹੋ ਰਹੀ ਨਿੰਦਾ ਤੋਂ ਬਾਅਦ ਪੰਜਾਬ ਸੂਬੇ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੀ ਸਰਕਾਰ ਹਰਕਤ 'ਚ ਆਈ ਹੈ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ ਨੇ ਇਸ ਘਟਨਾ ਦਾ ਨੋਟਿਸ ਲਿਆ ਹੈ ਤੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ‘ਮਾਡਲਿੰਗ’ ਕਰਨ ਦੀ ਮਨਜ਼ੂਰੀ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਸਬੰਧਤ ਬ੍ਰਾਂਡ ਦੇ ਪ੍ਰਬੰਧਨ ਤੇ ਮਾਡਲ ਦੇ ਖਿਲਾਫ ਜਾਂਚ ਕੀਤੀ ਜਾ ਰਹੀ ਹੈ।
ਸੂਚਨਾ ਮੰਤਰੀ ਫਵਾਦ ਚੌਧਰੀ ਨੇ ਟਵੀਟ ਕੀਤਾ, ‘ਡਿਜ਼ਾਇਨਰ ਤੇ ਮਾਡਲ ਨੂੰ ਤਸਵੀਰਾਂ ਲਈ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ।’ ਉਨ੍ਹਾਂ ਟਵੀਟ ਕੀਤਾ, ‘ਕਰਤਾਰਪੁਰ ਸਾਹਿਬ ਇਕ ਧਾਰਮਿਕ ਚਿੰਨ੍ਹ ਹੈ...’ ਇਹ ਤਸਵੀਰਾਂ ਲਿਬਾਸ ਵਾਲੇ ਬ੍ਰਾਂਡ ਦੇ ਇੰਸਟਾਗ੍ਰਾਮ ਪੇਜ਼ ‘ਤੇ ਸ਼ੇਅਰ ਕੀਤੀਆਂ ਗਈਆਂ ਸਨ ਪਰ ਵਿਵਾਦ ਮਗਰੋਂ ਇਹ ਹਟਾ ਦਿੱਤੀਆਂ ਗਈਆਂ ਸਨ। ਕੰਪਨੀ ਨੇ ਇਸ ਲਈ ਮੁਆਫੀ ਵੀ ਮੰਗੀ ਹੈ।
ਉਧਰ ਦੂਜੇ ਪਾਸੇ ਵਿਵਾਦ 'ਤੇ ਪ੍ਰਤੀਕਿਰਿਆ ਦਿੰਦੇ ਹੋਏ, 'ਮੰਨਤ ਕੱਪੜੇ' ਬ੍ਰਾਂਡ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ 'ਚ ਮੁਆਫੀ ਮੰਗੀ ਤੇ ਕਿਹਾ ਕਿ ਪੋਸਟ ਕੀਤੀਆਂ ਗਈਆਂ ਤਸਵੀਰਾਂ ਉਨ੍ਹਾਂ ਦੁਆਰਾ ਕੀਤੇ ਗਏ ਕਿਸੇ ਵੀ ਫੋਟੋਸ਼ੂਟ ਦਾ ਹਿੱਸਾ ਨਹੀਂ ਹਨ। ਇਹ ਫੋਟੋਆਂ ਸਾਨੂੰ ਕਿਸੇ ਤੀਜੀ ਧਿਰ (ਵਲੌਗਰ) ਵੱਲੋਂ ਮੁਹੱਈਆ ਕਰਵਾਈਆਂ ਗਈਆਂ ਸਨ। ਹਾਲਾਂਕਿ, ਅਸੀਂ ਗਲਤੀ ਨੂੰ ਸਵੀਕਾਰ ਕਰਦੇ ਹਾਂ ਕਿ ਸਾਨੂੰ ਇਹ ਸਮੱਗਰੀ ਪੋਸਟ ਨਹੀਂ ਕਰਨੀ ਚਾਹੀਦੀ ਸੀ। ਤਸਵੀਰਾਂ 'ਚ ਪੋਜ਼ ਦੇਣ ਵਾਲੀ ਸੋਲੇਹਾ ਇਮਤਿਆਜ਼ ਨੇ ਵੀ ਮੁਆਫੀ ਮੰਗਦੇ ਹੋਏ ਕਿਹ ਕਿ ਉਹ ਹੁਣੇ-ਹੁਣੇ ਸਿੱਖ ਇਤਿਹਾਸ ਤੇ ਸਿੱਖ ਕੌਮ ਬਾਰੇ ਜਾਣਨ ਲਈ ਕਰਤਾਰਪੁਰ ਗਈ ਸੀ। ਅਜਿਹਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ ਕੀਤਾ ਗਿਆ।