ਹਰਿਆਣਾ (ਜਸਕਮਲ) : ਹਰਿਆਣਾ ਦੇ ਅੰਬਾਲਾ ਜ਼ਿਲ੍ਹੇ 'ਚ ਇਕ ਪਿੰਡ 'ਚ ਪਤੀ ਨੇ ਰਾਤ ਦੇ ਹਨੇਰੇ 'ਚ ਆਪਣੀ ਪਤਨੀ ਤੇ ਉਸ ਦੇ ਪ੍ਰੇਮੀ ਨੂੰ ਆਪਣੇ ਹੀ ਘਰ 'ਚ ਰੰਗੇ ਹੱਥੀਂ ਫੜ ਲਿਆ।ਦੋਵਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਤੇ ਛੱਤ ਤੋਂ ਛਾਲ ਮਾਰ ਕੇ ਫ਼ਰਾਰ ਹੋ ਗਏ। ਪੁਲਿਸ ਨੇ ਪਤੀ ਦੀ ਸ਼ਿਕਾਇਤ 'ਤੇ ਮਹਿਲਾ ਅਤੇ ਉਸ ਦੇ ਪ੍ਰੇਮੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਪਤੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 24 ਨਵੰਬਰ 2021 ਨੂੰ ਉਹ ਆਪਣੇ ਕਮਰੇ 'ਚ ਬੱਚਿਆਂ ਨਾਲ ਸੌਂ ਰਿਹਾ ਸੀ ਕਿ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਉਹ ਉੱਠਿਆ। ਜਦੋਂ ਉਸ ਨੇ ਦੇਖਿਆ ਕਿ ਉਸ ਦੀ ਪਤਨੀ ਬੈੱਡ 'ਤੇ ਨਹੀਂ ਹੈ ਤਾਂ ਉਸ ਨੇ ਦੂਜੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਉਸ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ। ਉਸ ਨੇ ਪਤਨੀ ਨੂੰ ਪੁੱਛਿਆ ਕਿ ਉਹ ਇੱਥੇ ਕੀ ਕਰ ਰਹੀ ਹੈ ਤਾਂ ਪਤਨੀ ਨੇ ਕਿਹਾ ਕਿ ਉਹ ਇਸ ਕਮਰੇ 'ਚ ਸੌਂਵੇਗੀ।
ਜਦੋਂ ਉਸ ਨੇ ਪੂਰਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਉਸ ਦੇ ਹੀ ਪਿੰਡ ਦਾ ਅਕਸ਼ੈ ਦਰਵਾਜ਼ੇ ਦੇ ਪਿੱਛੇ ਖੜ੍ਹਾ ਸੀ। ਦੋਵਾਂ ਨੇ ਉਸ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ। ਪੀੜਤ ਦਾ ਦੋਸ਼ ਹੈ ਕਿ ਅਕਸ਼ੈ ਨੇ ਉਸ ਦੇ ਸਿਰ 'ਤੇ ਕਿਸੇ ਚੀਜ਼ ਨਾਲ ਹਮਲਾ ਕੀਤਾ। ਰੌਲਾ ਸੁਣ ਕੇ ਪੀੜਤ ਦੇ ਮਾਤਾ-ਪਿਤਾ ਵੀ ਜਾਗ ਗਏ ਅਤੇ ਦੋਵੇਂ (ਪਤਨੀ-ਪ੍ਰੇਮੀ) ਛੱਤ ਤੋਂ ਛਾਲ ਮਾਰ ਕੇ ਫਰਾਰ ਹੋ ਗਏ।
ਪੀੜਤ ਦਾ ਕਹਿਣਾ ਹੈ ਕਿ ਦੋ-ਤਿੰਨ ਮਹੀਨੇ ਪਹਿਲਾਂ ਪਤਨੀ ਦੀਆਂ ਇਨ੍ਹਾਂ ਹਰਕਤਾਂ ਕਾਰਨ ਪਿੰਡ ਵਿੱਚ ਪੰਚਾਇਤ ਵੀ ਹੋਈ ਸੀ, ਜਿਸ ਵਿੱਚ ਉਸ ਨੇ ਮੁਆਫ਼ੀ ਮੰਗੀ ਸੀ ਅਤੇ ਭਵਿੱਖ ਵਿੱਚ ਅਜਿਹਾ ਨਾ ਕਰਨ ਲਈ ਕਿਹਾ ਸੀ। ਪੁਲਿਸ ਨੇ ਪ੍ਰਾਪਤ ਸ਼ਿਕਾਇਤ ਦੇ ਆਧਾਰ 'ਤੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।