ਕੋਲਕਾਤਾ (ਦੇਵ ਇੰਦਰਜੀਤ)- ਕੋਲਕਾਤਾ ’ਚ ਦੁਰਗਾ ਪੂਜਾ ਮੌਕੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਮੂਰਤੀਆਂ ਤੇ ਸਮਾਗਮ ਦਾ ਵਿਸ਼ਾ ਕਿਸਾਨ ਸੰਘਰਸ਼, ਕੌਮੀ ਨਾਗਰਿਕ ਰਜਿਸਟਰ (ਐੱਨਆਰਸੀ) ਤੇ ਭਾਰਤ ਦੀ ਵੰਡ ਰੱਖਿਆ।
ਡਮਡਮ ਪਾਰਕ ਭਾਰਤ ਚਕਰ ਕਲੱਬ ਨੇ ਆਪਣੇ ਪੂਜਾ ਪੰਡਾਲ ਦਾ ਵਿਸ਼ਾ ਕਿਸਾਨ ਸੰਘਰਸ਼ ਰੱਖਿਆ। ਉਨ੍ਹਾਂ ਪੰਡਾਲ ’ਚ ਟਰੈਕਟਰ ਦਾ ਬੁੱਤ ਬਣਾਇਆ। ਇਸ ਟਰੈਕਟਕ ਦੇ ਦੋ ਪੰਖ ਬਣਾਏ ਗਏ ਜਿਨ੍ਹਾਂ ’ਤੇ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਨਾਂ ਲਿਖੇ ਗਏ ਹਨ। ਇਸ ਪੂਜਾ ਦੌਰਾਨ ਉਦੋਂ ਵਿਵਾਦ ਦੀ ਪੈਦਾ ਹੋ ਗਿਆ ਜਦੋਂ ਇੱਕ ਪੰਡਾਲ ’ਚ ਵਿਸ਼ੇ ਦੌਰਾਨ ਪੁਲੀਸ ਸਟੇਸ਼ਨ ਦੇ ਅੱਗੇ ਸੈਂਕੜੇ ਜੁੱਤੇ ਖਿੱਲ੍ਹਰੇ ਦਿਖਾਏ ਗਏ। ਭਾਜਪਾ ਨੇ ਪ੍ਰਬੰਧਕਾਂ ’ਤੇ ਦੋਸ਼ ਲਾਇਆ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਰਹੇ ਹਨ। ਇਸੇ ਤਰ੍ਹਾਂ ਇੱਥੋਂ ਦੇ ਇੱਕ ਮਸ਼ਹੂਰ ਕਲੱਬ ਨਾਟਕਲਾ ਉਡਯਨ ਸੰਘ ਨੇ ਆਪਣੇ ਪੰਡਾਲ ਦਾ ਵਿਸ਼ਾ ਰਿਫਿਊਜੀ ਸ਼ਰਨਾਰਥੀਆਂ ਨਾਲ ਭਰੀ ਰੇਲ ਗੱਡੀ ਰੱਖਿਆ। ਸੰਘ ਦੇ ਤਰਜਮਾਨ ਸਮਰਾਟ ਨੰਦੀ ਨੇ ਦੱਸਿਆ, ‘ਅਸੀਂ ਪਾਕਿਸਤਾਨ ਤੋਂ ਆਏ ਸ਼ਰਨਾਰਥੀ ਨਾਲ ਭਰੀ ਰੇਲ ਗੱਡੀ ਤਿਆਰ ਕੀਤੀ ਤਾਂ ਜੋ ਬੇਘਰ ਹੋਏ ਲੋਕਾਂ ਦਾ ਦੁੱਖ ਦੱਸਿਆ ਜਾ ਸਕੇ।’
ਇਸ ਵਿਸ਼ੇ ਲਈ ਖੁਸ਼ਵੰਤ ਸਿੰਘ ਦੇ ਨਾਵਲ ‘ਟਰੇਨ ਨੂੰ ਪਾਕਿਸਤਾਨ’ ਅਤੇ ਆਤਿਨ ਬੰਦੋਪਾਧਿਆਏ ਦੇ ਨਾਵਲ ‘ਨੀਲਕੰਠੋ ਪਾਖੀਰ ਖੋਜੇ’ ਨੂੰ ਆਧਾਰ ਬਣਾਇਆ ਗਿਆ ਹੈ। ਬੇਹਾਲਾ ’ਚ ਬਾਰਿਸ਼ਾ ਕਲੱਬ ਨੇ ਆਪਣੇ ਪੰਡਾਲ ਦਾ ਵਿਸ਼ਾ ਐੱਨਆਰਸੀ ਬਣਾਇਆ ਤੇ ਬੇਘਰ ਹੋਏ ਲੋਕਾਂ ਦੀ ਤਕਲੀਫ ਨੂੰ ਉਭਾਰਿਆ।