ਕਦੀ ਪ੍ਰਧਾਨ ਮੰਤਰੀ ਅਹੁਦੇ ’ਤੇ ਪਹੁੰਚਣ ਦੀ ਕਲਪਨਾ ਵੀ ਨਹੀਂ ਕੀਤੀ ਸੀ : PM ਮੋਦੀ

by vikramsehajpal

ਦਿੱਲੀ (ਦੇਵ ਇੰਦਰਜੀਤ) : ਆਪਣੇ ਪਿਛਲੇ 20 ਸਾਲ ਦੇ ਸਫ਼ਰ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਯਾਨੀ ਕਿ ਅੱਜ ਕਿਹਾ ਕਿ ਚੋਟੀ ਦੇ ਅਹੁਦਿਆਂ ’ਤੇ ਪਹੁੰਚਣ ਦੀ ਕਲਪਨਾ ਉਨ੍ਹਾਂ ਨੇ ਕਦੇ ਨਹੀਂ ਕੀਤੀ ਸੀ। ਰਿਸ਼ੀਕੇਸ਼ ਏਮਜ਼ ਤੋਂ ਦੇਸ਼ ਭਰ ਵਿਚ ਆਕਸੀਜਨ ਪਲਾਂਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਦੇ ਹੀ ਦਿਨ 20 ਸਾਲ ਪਹਿਲਾਂ ਉਨ੍ਹਾਂ ਨੂੰ ਜਨਤਾ ਦੀ ਸੇਵਾ ਦੀ ਜ਼ਿੰਮੇਵਾਰੀ ਮਿਲੀ ਸੀ।

ਉਨ੍ਹਾਂ ਨੇ ਅੱਗੇ ਕਿਹਾ ਕਿ ਲੋਕਾਂ ਦੀ ਸੇਵਾ ਕਰਨ ਦੀ ਮੇਰੀ ਯਾਤਰਾ ਕਈ ਦਹਾਕੇ ਪਹਿਲਾਂ ਸ਼ੁਰੂ ਹੋ ਚੁੱਕੀ ਸੀ ਪਰ ਅੱਜ ਤੋਂ 20 ਸਾਲ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿਚ ਮੈਨੂੰ ਨਵੀਂ ਜ਼ਿੰਮੇਵਾਰੀ ਮਿਲੀ ਸੀ।

ਮੋਦੀ ਨੇ ਕਿਹਾ ਕਿ ਉਂਝ ਇਹ ਵੀ ਇਕ ਸੰਜੋਗ ਹੈ ਕਿ ਉੱਤਰਾਖੰਡ ਦਾ ਗਠਨ 2000 ’ਚ ਹੋਇਆ ਅਤੇ ਉਨ੍ਹਾਂ ਦੀ ਯਾਤਰਾ ਇਸ ਦੇ ਕੁਝ ਮਹੀਨੇ ਬਾਅਦ 2001 ’ਚ ਸ਼ੁਰੂ ਹੋਈ। ਸਰਕਾਰ ਦੇ ਮੁਖੀਆ ਦੇ ਤੌਰ ’ਤੇ ਪਹਿਲਾਂ ਮੁੱਖ ਮੰਤਰੀ ਅਤੇ ਫਿਰ ਪ੍ਰਧਾਨ ਮੰਤਰੀ ਅਹੁਦੇ ’ਤੇ ਪਹੁੰਚਣਾ, ਇਸ ਦੀ ਕਲਪਨਾ ਕਦੇ ਵੀ ਨਹੀਂ ਕੀਤੀ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ 20 ਸਾਲ ਦੀ ਇਹ ਅਖੰਡ ਯਾਤਰਾ ਅੱਜ 21ਵੇਂ ਸਾਲ ਵਿਚ ਪ੍ਰਵੇਸ਼ ਕਰ ਰਹੀ ਹੈ ਅਤੇ ਇਸ ਮਹੱਤਵਪੂਰਨ ਸਾਲ ਵਿਚ ਉਨ੍ਹਾਂ ਨੂੰ ਲਗਾਤਾਰ ਪਿਆਰ ਅਤੇ ਆਪਣਾਪਨ ਦੇਣ ਵਾਲੀ ਧਰਤੀ ’ਤੇ ਆ ਕੇ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿਮਾਲਿਆ ਦੀ ਇਹ ਤਪੋਭੂਮੀ ਜੋ ਤੱਪ ਅਤੇ ਤਿਆਗ ਦਾ ਰਾਹ ਵਿਖਾਉਂਦੀ ਹੈ, ਉਸ ਭੂਮੀ ’ਤੇ ਆ ਕੇ ਦੇਸ਼ ਵਾਸੀਆਂ ਦੀ ਸੇਵਾ ਕਰਨ ਦਾ ਮੇਰਾ ਸੰਕਲਪ ਹੋਰ ਮਜ਼ਬੂਤ ਹੋਇਆ ਹੈ। ਇੱਥੇ ਆ ਕੇ ਇਕ ਨਵੀਂ ਊਰਜਾ ਮੈਨੂੰ ਮਿਲਦੀ ਹੈ। ਯੋਗ ਅਤੇ ਆਯੁਰਵੇਦ ਦੀ ਸ਼ਕਤੀ ਤੋਂ ਜਿਸ ਖੇਤਰ ਨੇ ਜੀਵਨ ਨੂੰ ਅਰੋਗ ਬਣਾਉਣ ਦਾ ਹੱਲ ਦਿੱਤਾ ਹੈ, ਉੱਥੋਂ ਅੱਜ ਦੇਸ਼ ਭਰ ਵਿਚ ਕਈ ਨਵੇਂ ਆਕਸੀਜਨ ਪਲਾਂਟ ਦਾ ਉਦਘਾਟਨ ਹੋਇਆ ਹੈ।