ਕਸ਼ਮੀਰ (ਦੇਵ ਇੰਦਰਜੀਤ) : ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਫ਼ੌਜ ਨੇ ਸੋਮਵਾਰ ਰਾਤ ਘਰਾਂ ’ਚ ਭੰਨ-ਤੋੜ ਕੀਤੀ ਅਤੇ ਇਕ ਪਰਿਵਾਰ ਦੇ ਮੈਂਬਰਾਂ ਨਾਲ ਕੁੱਟਮਾਰ ਕੀਤੀ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਮੁਖੀ ਨੇ ਦੋਸ਼ ਲਗਾਇਆ ਕਿ ਇਸ ਕੁੱਟਮਾਰ ਇਕ ਜਨਾਨੀ ਦੇ ਸਿਰ ’ਤੇ ਸੱਟ ਲੱਗੀ ਹੈ ਅਤੇ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਮੁਫ਼ਤੀ ਨੇ ਇਕ ਟਵੀਟ ਕਰ ਕੇ ਕਿਹਾ,‘‘ਤ੍ਰਾਲ ’ਚ ਯਾਗਵਾਨੀ ਕੈਂਪ ਤੋਂ ਆਏ ਫ਼ੌਜ ਦੇ ਜਵਾਨਾਂ ਨੇ ਸੋਮਵਾਰ ਰਾਤ ਘਰਾਂ ’ਚ ਭੰਨ-ਤੋੜ ਕੀਤੀ ਅਤੇ ਇਕ ਪਰਿਵਾਰ ਨੂੰ ਬੇਰਹਿਮੀ ਨਾਲ ਕੁੱਟਿਆ। ਇਸ ਦੌਰਾਨ ਪਰਿਵਾਰ ਦੀ ਇਕ ਜਨਾਨੀ ਨੂੰ ਗੰਭੀਰ ਸੱਟਾਂ ਕਾਰਨ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਪਹਿਲੀ ਘਟਨਾ ਨਹੀਂ ਹੈ ਕਿ ਜਦੋਂ ਫ਼ੌਜ ਦੇ ਜਵਾਨਾਂ ਨੇ ਇਸ ਪਿੰਡ ਦੇ ਨਾਗਰਿਕਾਂ ਨੂੰ ਕੁੱਟਿਆ ਹੋਵੇ।’’ ਦੱਸਣਯੋਗ ਹੈ ਕਿ ਮੁਫ਼ਤੀ 5 ਅਗਸਤ 2019 ਨੂੰ ਕੇਂਦਰ ਵਲੋਂ ਰੱਦ ਕੀਤੀ ਗਈ ਧਾਰਾ 370 ਅਤੇ 35 ਏ ਦੀ ਬਹਾਲੀ ਲਈ ਗਠਿਤ 5 ਮੁੱਖ ਧਾਰਾ ਦੇ ਦਲਾਂ ਦੇ ਗਠਜੋੜ, ਪੀਪਲਜ਼ ਅਲਾਇੰਸ ਫਾਰ ਗੁਪਕਰ ਡਿਕਲੇਰੇਸ਼ਨ ਦੀ ਉੱਪ ਪ੍ਰਧਾਨ ਹੈ।