ਦਿੱਲੀ (ਦੇਵ ਇੰਦਰਜੀਤ) : ਭਾਰਤ ਅਤੇ ਆਸਟ੍ਰੇਲੀਆ ਨੇ ਸ਼ਨੀਵਾਰ ਨੂੰ ਰੱਖਿਆ ਅਤੇ ਵਿਦੇਸ਼ ਮੰਤਰਾਲਾ ਪੱਧਰ ਦੀ ਟੂ-ਪਲੱਸ-ਟੂ’ ਵਾਰਤਾ ਕੀਤੀ, ਜਿਸ ਦਾ ਮਕਸਦ ਸਿਆਸੀ ਉਥਲ-ਪੁਥਲ ਦਰਮਿਆਨ ਦੋਹਾਂ ਦੇਸ਼ਾਂ ਵਿਚਾਲੇ ਸੰਪੂਰਨ ਅਤੇ ਆਪਸੀ ਸਹਿਯੋਗ ਨੂੰ ਹੋਰ ਵਧਾਉਣਾ ਹੈ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਆਸਟ੍ਰੇਲੀਆਈ ਹਮਰੁਤਬਾ ਮਾਰੀਸ ਪਾਇਨੇ ਅਤੇ ਪੀਟਰ ਡਟਨ ਨਾਲ ਇੱਥੇ ਸ਼ੁਰੁੂਆਤੀ ‘ਟੂ-ਪਲੱਸ-ਟੂ’ ਵਾਰਤਾ ਕੀਤੀ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਆਪਣੀ ਗੱਲਬਾਤ ਨੂੰ ਸਾਰਥਕ ਦੱਸਿਆ।
ਜੈਸ਼ੰਕਰ ਨੇ ਟਵੀਟ ਕੀਤਾ ਕਿ ਆਸਟ੍ਰੇਲੀਆ ਨਾਲ ਟੂ-ਪਲੱਸ-ਟੂ’ ਵਾਰਤਾ ਸਾਰਥਕ ਰਹੀ। ਅਸੀਂ ਬਹੁਤ ਹੀ ਮਹੱਤਵਪੂਰਨ ਸਮੇਂ ’ਤੇ ਮਿਲ ਰਹੇ ਹਾਂ, ਜਦੋਂ ਇਕ ਮਹਾਮਾਰੀ ਦੇ ਨਾਲ-ਨਾਲ ਅਸੀਂ ਇਕ ਅਜਿਹੇ ਭੂ-ਸਿਆਸੀ ਮਾਹੌਲ ਦਾ ਸਾਹਮਣਾ ਕਰ ਰਹੇ ਹਨ, ਜਿਸ ’ਚ ਤੇਜ਼ੀ ਨਾਲ ਉਥਲ-ਪੁਥਲ ਹੋ ਰਹੀ ਹੈ।
ਅਜਿਹੇ ਵਿਚ ਸਾਨੂੰ ਦੁੱਵਲੇ ਰੂਪ ਨਾਲ ਅਤੇ ਬਰਾਬਰ ਵਿਚਾਰਧਾਰਾ ਵਾਲੇ ਹੋਰ ਭਾਈਵਾਲਾਂ ਨਾਲ ਮਿਲ ਕੇ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਅਤੇ ਇਕ ਸ਼ਾਂਤੀਪੂਰਨ, ਸਥਿਰ ਅਤੇ ਖ਼ੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਯਕੀਨੀ ਕਰਨ ਲਈ ਉੱਚਿਤ ਰੂਪ ਨਾਲ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਦਾ ਬੇਹੱਦ ਚੁਨਿੰਦਾ ਦੇਸ਼ਾਂ ਨਾਲ ਵਾਰਤਾ ਲਈ ਟੂ-ਪਲੱਸ-ਟੂ’ ਰੂਪ ਹੈ।
ਜੈਸ਼ੰਕਰ ਨੇ ਅੱਗੇ ਕਿਹਾ ਕਿ ਮੇਰਾ ਇਹ ਵੀ ਮੰਨਣਾ ਹੈ ਕਿ ਅਫਗਾਨਿਸਤਾਨ ਵਿਚ ਘਟਨਾਕ੍ਰਮ ਅੱਜ ਸਾਡੇ ਦਰਮਿਆਨ ਚਰਚਾ ਦਾ ਇਕ ਮਹੱਤਵਪੂਰਨ ਵਿਸ਼ਾ ਰਿਹਾ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਇਹ ਬੈਠਕ ਸਾਨੂੰ ਵਿਆਪਕ ਰਣਨੀਤਕ ਸਾਂਝੇਦਾਰੀ ਦੀ ਸਮੀਖਿਆ ਕਰਨ ਅਤੇ ਅੱਗੇ ਵਧਣ ਦਾ ਮੌਕਾ ਦਿੰਦੀ ਹੈ। ਇਸ ਮਹੀਨੇ ਦੇ ਅਖ਼ੀਰ ਵਿਚ ਸੰਯੁਕਤ ਰਾਜ ਅਮਰੀਕਾ ਵਿਚ ਆਪਣੇ ਪ੍ਰਧਾਨ ਮੰਤਰੀਆਂ ਵਿਚਾਲੇ ਇਕ ਹੋਰ ਬੈਠਕ ਦੀ ਤਿਆਰੀ ਕਰ ਰਹੇ ਹਾਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅਖ਼ੀਰ ਵਿਚ ਕਵਾਡ ਨੇਤਾਵਾਂ ਦੇ ਇਕ ਸ਼ਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਅਮਰੀਕਾ ਦੀ ਯਾਤਰਾ ਕਰਨ ਵਾਲੇ ਹਨ। ਓਧਰ ਰੱਖਿਆ ਮੰਤਰੀ ਰਾਜਨਾਥ ਨੇ ਆਸਟ੍ਰੇਲੀਆ ਦੇ ਆਪਣੇ ਹਮਰੁਤਬਾ ਡਟਨ ਨਾਲ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ।
ਦੋਹਾਂ ਦੇਸ਼ਾਂ ਦੇ ਰੱਖਿਆ ਮੰਤਰੀ ਨੇ ਵਾਰਤਾ ਵਿਚ ਅਫਗਾਨਿਸਤਾਨ ਵਿਚ ਨਾਜ਼ੁਕ ਸੁਰੱਖਿਆ ਹਾਲਾਤ ’ਤੇ ਚਰਚਾ ਕੀਤੀ। ਉਨ੍ਹਾਂ ਨੇ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਤੋਂ ਅੱਤਵਾਦ ਫੈਲਣ ਦੀ ਸ਼ੰਕਾ ਨਾਲ ਸਬੰਧਤ ‘ਸਾਂਝੀਆਂ ਚਿੰਤਾਵਾਂ’ ਬਾਰੇ ਗੱਲ ਕੀਤੀ।