ਅੰਮ੍ਰਿਤਸਰ (ਦੇਵ ਇੰਦਰਜੀਤ) : ਪੰਜਾਬ ਅਤੇ ਇਸ ਦੇ ਆਲੇ-ਦੁਆਲੇ ਰਹਿਣ ਵਾਲੇ ਸੂਬਿਆਂ ਦੇ ਲੋਕ, ਜੋ ਵਿਦੇਸ਼ ਜਾਣ ਦੇ ਚਾਹਵਾਨ ਹਨ, ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਹੀਥਰੋ ਲੰਡਨ ਤੋਂ ਬਾਅਦ ਹੁਣ ਯਾਨੀ ਅੱਜ 3 ਸਤੰਬਰ 2021 ਨੂੰ ਏਅਰ ਇੰਡੀਆ ਅੰਮ੍ਰਿਤਸਰ ਤੋਂ ਬਰਮਿੰਘਮ ਜਾਣ ਦੀ ਸਿੱਧੀ ਉਡਾਣ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਦੁਪਹਿਰ ਏਅਰ ਇੰਡੀਆ ਦਾ ਜਹਾਜ਼ 3 ਵਜ ਕੇ 10 ਮਿੰਟ ’ਤੇ ਬਰਮਿੰਘਮ ਜਾਣ ਲਈ ਰਵਾਨਾ ਹੋ ਗਿਆ। ਏਅਰ ਇੰਡੀਆ ਦੇ ਇਸ ਜਹਾਜ਼ ’ਚ ਇੰਗਲੈਂਡ ਜਾਣ ਵਾਲੀਆਂ 211 ਸਵਾਰੀਆਂ ਸਵਾਰ ਹਨ।
ਬਰਮਿੰਘਮ ਜਾਣ ਵਾਲੇ ਲੋਕਾਂ ਨੂੰ ਹੁਣ ਦਿੱਲੀ ਤੋਂ ਉਡਾਣ ਲੈਣ ਦੀ ਜ਼ਰੂਰਤ ਨਹੀਂ ਸਗੋਂ ਉਹ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਉਡਾਣ ਭਰ ਸਕਦੇ ਹਨ। ਏਅਰ ਇੰਡੀਆ ਦੇ ਬੁਲਾਰੇ ਮੁਤਾਬਕ ਬ੍ਰਿਟੇਨ ਵਲੋਂ ਭਾਰਤ ਨੂੰ ਲਾਲ ਸੂਚੀ ਵਿਚੋਂ ਹਟਾਉਣ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।
ਕੋਰੋਨਾ ਵਾਇਰਸ ਦੇ ਕਾਰਨ ਅੰਮ੍ਰਿਤਸਰ ਅਤੇ ਬਰਮਿੰਘਮ ਦਰਮਿਆਨ ਇਹ ਫਲਾਈਟ ਦਸੰਬਰ 2020 ਤੋਂ ਬੰਦ ਕਰ ਦਿੱਤੀ ਗਈ ਸੀ, ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਬਰਮਿੰਘਮ ਦੀ ਫਲਾਈਟ ਲੈਣ ਲਈ ਦਿੱਲੀ ਜਾਣਾ ਪੈਂਦਾ ਸੀ। ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ਤੋਂ ਬਰਮਿੰਘਮ ਜਾਣ ਲਈ ਇਹ ਅੱਜ ਸ਼ੁਰੂ ਹੋ ਗਈ ਹੈ। ਇਹ ਉਡਾਣ ਹਰੇਕ ਹਫ਼ਤੇ ਸ਼ੁੱਕਰਵਾਰ ਨੂੰ ਦੁਪਹਿਰ ਤਿੰਨ ਵਜੇ ਰਵਾਨਾ ਹੋਵੇਗੀ ਅਤੇ ਐਤਵਾਰ ਨੂੰ ਸ਼ਾਮ 7.35 ਵਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਪਹੁੰਚੇਗੀ।