ਪੰਜਸ਼ੀਰ (ਦੇਵ ਇੰਦਰਜੀਤ) : ਤਾਲਿਬਾਨ ਇਕ ਪਾਸੇ ਦੁਨੀਆ ਸਾਹਮਣੇ ਅਫਗਾਨਿਸਤਾਨ ਵਿਚ ਸ਼ਾਂਤੀ ਨਾਲ ਸਰਕਾਰ ਬਣਾਉਣ ਅਤੇ ਉਸ ਦੇ ਸੰਚਾਲਨ ਦਾ ਦਾਅਵਾ ਕਰ ਰਿਹਾ ਹੈ ਪਰ ਦੂਜੇ ਪਾਸੇ ਲਗਾਤਾਰ ਉਸ ਦੇ ਲੜਾਕਿਆਂ ਵੱਲੋਂ ਪੰਜਸ਼ੀਰ ਇਲਾਕੇ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਟਵਿੱਟਰ 'ਤੇ ਨੌਰਦਰਨ ਅਲਾਇੰਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਬੀਤੀ ਰਾਤ ਖਾਵਕ ਇਲਾਕੇ ਵਿਚ ਹਮਲਾ ਕਰਨ ਆਏ ਤਾਲਿਬਾਨ ਦੇ ਕਰੀਬ 350 ਲੜਾਕਿਆਂ ਨੂੰ ਢੇਰ ਕਰ ਦਿੱਤਾ ਗਿਆ ਹੈ ਜਦਕਿ 40 ਤੋਂ ਵੱਧ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। NRF ਨੂੰ ਇਸ ਦੌਰਾਨ ਕਈ ਅਮਰੀਕੀ ਗੱਡੀਆਂ ਅਤੇ ਹਥਿਆਰ ਮਿਲੇ ਹਨ।
ਮੰਗਲਵਾਰ ਰਾਤ ਨੂੰ ਵੀ ਤਾਲਿਬਾਨ ਨੇ ਪੰਜਸ਼ੀਰ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿੱਥੇ ਉਸ ਦਾ ਮੁਕਾਬਲਾ ਨੌਰਦਰਨ ਅਲਾਇੰਸ ਦੇ ਲੜਾਕਿਆਂ ਨਾਲ ਹੋਇਆ। ਸਥਾਨਕ ਪੱਤਰਕਾਰ ਨਾਤਿਕ ਮਾਲਿਕਜਾਦਾ ਵੱਲੋਂ ਕੀਤੇ ਗਏ ਟਵੀਟ ਮੁਤਾਬਕ ਅਫਗਾਨਿਸਤਾਨ ਦੇ ਪੰਜਸ਼ੀਰ ਦੇ ਪ੍ਰਵੇਸ਼ ਦਵਾਰ 'ਤੇ ਗੁਲਬਹਾਰ ਇਲਾਕੇ ਵਿਚ ਤਾਲਿਬਾਨ ਲੜਾਕਿਆਂ ਅਤੇ ਨੌਰਦਰਨ ਅਲਾਇੰਸ ਦੇ ਲੜਾਕਿਆਂ ਵਿਚਕਾਰ ਮੁਕਾਬਲਾ ਹੋਇਆ। ਇੰਨਾ ਹੀ ਨਹੀਂ ਤਾਲਿਬਾਨ ਵੱਲੋਂ ਇੱਥੇ ਇਕ ਪੁਲ ਉਡਾਉਣ ਦੀ ਵੀ ਖ਼ਬਰ ਹੈ। ਇਸ ਦੇ ਇਲਾਵਾ ਕਈ ਲੜਾਕਿਆਂ ਨੂੰ ਫੜਿਆ ਗਿਆ ਹੈ।
ਸੋਮਵਾਰ ਰਾਤ ਨੂੰ ਵੀ ਤਾਲਿਬਾਨ ਅਤੇ ਨੌਰਦਰਨ ਅਲਾਇੰਸ ਦੇ ਲੜਾਕਿਆਂ ਵਿਚਕਾਰ ਗੋਲੀਬਾਰੀ ਹੋਈ ਸੀ।ਉਦੋਂ ਕਰੀਬ 7-8 ਤਾਲਿਬਾਨੀ ਲੜਾਕਿਆਂ ਦੇ ਮਾਰੇ ਜਾਣ ਦੀ ਖ਼ਬਰ ਸੀ। ਇੱਥੇ ਦੱਸ ਦਈਏ ਕਿ ਪੰਜਸ਼ੀਰ ਹਾਲੇ ਵੀ ਤਾਲਿਬਾਨ ਦੇ ਕਬਜ਼ੇ ਤੋਂ ਦੂਰ ਹੈ। ਇੱਥੇ ਨੌਰਦਰਨ ਅਲਾਇੰਸ ਅਹਿਮਦ ਮਸੂਦ ਦੀ ਅਗਵਾਈ ਵਿਚ ਤਾਲਿਬਾਨ ਖ਼ਿਲਾਫ਼ ਲੜਾਈ ਲੜ ਰਿਹਾ ਹੈ।
ਅਹਿਮਦ ਮਸੂਦ ਦੇ ਬੁਲਾਰੇ ਫਹੀਮ ਦਸ਼ਤੀ ਵੱਲੋਂ ਵੀ ਤਾਲਿਬਾਨ ਨਾਲ ਹੋਈ ਲੜਾਈ ਦੀ ਪੁਸ਼ਟੀ ਕੀਤੀ ਗਈ ਸੀ। ਫਹੀਮ ਮੁਤਾਬਕ ਸੋਮਵਾਰ ਦੀ ਰਾਤ ਪੰਜਸ਼ੀਰ ਵਿਚ ਤਾਲਿਬਾਨ ਨੇ ਹਮਲਾ ਕੀਤਾ ਸੀ ਅਤੇ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀਪਰ ਉਸ ਨੂੰ ਸਫਲਤਾ ਨਹੀਂ ਮਿਲੀ ਸੀ।
ਤਾਲਿਬਾਨ ਪਹਿਲਾਂ ਹੀ ਪੰਜਸ਼ੀਰ ਇਲਾਕੇ ਵਿਚ ਇੰਟਰਨੈੱਟ ਬੰਦ ਕਰ ਚੁੱਕਾ ਹੈ। ਗੌਰਤਲਬ ਹੈ ਕਿ 30 ਅਗਸਤ ਨੂੰ ਅਮਰੀਕਾ ਦੀ ਸੈਨਾ ਨੇ ਕਾਬੁਲ ਹਵਾਈ ਅੱਡਾ ਛੱਡ ਦਿੱਤਾ ਹੈ। ਹੁਣ ਅਫਗਾਨਿਸਤਾਨ 'ਤੇ ਪੂਰੀ ਤਰ੍ਹਾਂ ਤਾਲਿਬਾਨ ਦਾ ਕਬਜ਼ਾ ਹੈ। ਤਾਲਿਬਾਨ ਵੱਲੋਂ ਜਲਦੀ ਹੀ ਅਫਗਾਨਿਸਤਾਨ ਵਿਚ ਨਵੀਂ ਸਰਕਾਰ ਬਣਾਈ ਜਾਵੇਗੀ। ਤਾਲਿਬਾਨ ਦੇ ਵੱਡੇ ਨੇਤਾ ਕੰਧਾਰ ਵਿਚ ਮੌਜੂਦ ਹਨ ਜੋ ਜਲਦੀ ਹੀ ਕਾਬੁਲ ਦਾ ਰੁੱਖ਼ ਕਰ ਸਕਦੇ ਹਨ। ਇਸ ਮਗਰੋਂ ਸਰਕਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।