ਓਟਾਵਾ (ਦੇਵ ਇੰਦਰਜੀਤ) : ਕੈਨੇਡਾ ਵਿਚ 44ਵੀਂ ਸੰਸਦ ਲਈ ਚੋਣਾਂ ਹੋਣ ਜਾ ਰਹੀਆਂ ਹਨ। ਇਹਨਾਂ ਮੱਧਕਾਲੀ ਸੰਸਦੀ ਚੋਣਾਂ 'ਚ ਭਾਵੇਂ 20 ਦਿਨ ਰਹਿੰਦੇ ਹਨ ਪਰ ਚੋਣ ਮੈਦਾਨ ਪੂਰੀ ਤਰ੍ਹਾਂ ਭੱਖ ਗਿਆ ਹੈ।ਕੈਨੇਡਾ ਦੀ ਕੁੱਲ 338 ਮੈਂਬਰੀ ਸੰਸਦ ਲਈ ਵੋਟਾਂ 20 ਸਤੰਬਰ ਨੂੰ ਪੈਣਗੀਆਂ ਤੇ ਉਸ ਦਿਨ ਹੀ ਦੇਰ ਰਾਤ ਤੱਕ ਸਾਰੇ ਨਤੀਜੇ ਐਲਾਨ ਕੀਤੇ ਜਾਣਗੇ।
10 ਤੋਂ 13 ਸਤੰਬਰ ਤੱਕ ਐਡਵਾਂਸ ਵੋਟਿੰਗ ਹੋਵੇਗੀ। 43ਵੀਂ ਸੰਸਦ ਦੇ 29 ਸੰਸਦ ਮੈਂਬਰ ਇਸ ਵਾਰ ਚੋਣ ਲੜਨ ਤੋਂ ਪਿੱਛੇ ਹਟ ਗਏ ਹਨ, ਜਿਨ੍ਹਾਂ ਵਿਚ ਕੈਬਨਿਟ ਮੰਤਰੀ ਰਹੇ ਪੰਜਾਬੀ ਨਵਦੀਪ ਸਿੰਘ ਬੈਂਸ, ਸੰਸਦ ਮੈਂਬਰ ਰਮੇਸ਼ ਸੰਘਾ ਤੇ ਗਗਨ ਸਿਕੰਦ ਵੀ ਸ਼ਾਮਿਲ ਹਨ।
ਧਾਨ ਮੰਤਰੀ ਤੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਕੰਜ਼ਰਵੇਟਿਵ ਆਗੂ ਐਰਨ ਓ ਟੂਲ, ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ, ਬਲਾਕ ਕਿਊਬਰ ਦੇ ਵੇਅਸ ਫਰਾਂਸਿਕ, ਗਰੀਨ ਪਾਰਟੀ ਦੇ ਆਗੂ ਅਨੈਮੀ ਪਾਲ, ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਆਗੂ ਮੈਕਸੀਅਮ ਬਰਨੀਅਰ ਪ੍ਰਧਾਨ ਮੰਤਰੀ ਬਣਨ ਦੀ ਦੌੜ 'ਚ ਹਨ।
ਇਨ੍ਹਾਂ ਸੰਸਦੀ ਚੋਣਾਂ ਵਿਚ 21 ਪੰਜਾਬਣਾਂ ਵੀ ਲੋਕ ਸਭਾ ਵਿਚ ਪਹੁੰਚਣ ਲਈ ਸਖ਼ਤ ਮਿਹਨਤ ਕਰ ਰਹੀਆਂ ਹਨ। 43ਵੀਂ ਸੰਸਦ ਵਿਚ ਅਨੀਤਾ ਅਨੰਦ, ਬਰਦੀਸ਼ ਚੱਗੜ, ਅੰਜੂ ਢਿੱਲੋਂ, ਸੋਨੀਆ ਸਿੱਧੂ, ਜੈਗ ਸਹੋਤਾ, ਕਮਲ ਖਹਿਰਾ ਤੇ ਰੂਬੀ ਸਹੋਤਾ ਸੰਸਦ ਮੈਂਬਰ ਚੁਣੀਆਂ ਗਈਆਂ ਸਨ, ਜੋ ਫਿਰ ਤੋਂ ਚੋਣ ਮੈਦਾਨ ਵਿਚ ਹਨ।
ਟਰੂਡੋ ਸਰਕਾਰ 'ਚ ਕੈਬਨਿਟ ਮੰਤਰੀ ਰਹੀ ਅਨੀਤਾ ਅਨੰਦ ਓਕਵਿਲ ਸੰਸਦੀ ਹਲਕੇ ਤੋਂ ਲਿਬਰਲ ਪਾਰਟੀ ਦੀ ਟਿਕਟ 'ਤੇ ਦੁਬਾਰਾ ਚੋਣ ਲੜ ਰਹੀ ਹੈ। ਬਰਦੀਸ਼ ਚੱਗੜ ਵਾਟਰਲੂ ਹਲਕੇ ਤੋਂ ਲਿਬਰਲ ਉਮੀਦਵਾਰ ਹੈ, ਕਿਊਬਕ ਦੇ ਇਤਿਹਾਸ ਵਿਚ ਪਹਿਲੀ ਪੰਜਾਬਣ ਸੰਸਦ ਮੈਂਬਰ ਵਜੋਂ ਆਪਣਾ ਨਾਂਅ ਦਰਜ ਕਰਵਾਉਣ ਵਾਲੀ ਅੰਜੂ ਢਿੱਲੋਂ ਲਾਚੀਨ-ਲਾਸਾਲ ਹਲਕੇ ਤੋਂ ਲਿਬਰਲ ਪਾਰਰਟੀ ਦੀ ਟਿਕਟ 'ਤੇ ਆਪਣੀ ਕਿਸਮਤ ਅਜ਼ਮਾ ਰਹੀ ਹੈ।
ਅੰਮ੍ਰਿਤਸਰ ਦੇ ਸਤਨਾਮ ਸਿੰਘ ਰੰਧਾਵਾ ਦੀ ਸਪੁੱਤਰੀ ਬੀਬੀ ਸੋਨੀਆ ਸਿੱਧੂ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਹੈ। ਬਰੈਂਪਟਨ ਸਾਊਥ ਤੋਂ ਪੰਜਾਬੀ ਉਮੀਦਵਾਰਾਂ ਵਿਚਕਾਰ ਹੀ ਤਿਕੋਣਾ ਮੁਕਾਬਲਾ ਹੋਵੇਗਾ। ਇਸ ਹਲਕੇ ਤੋਂ ਰਮਨਦੀਪ ਸਿੰਘ ਬਰਾੜ ਕੰਜ਼ਰਵੇਟਿਵ ਤੇ ਤੇਜਿੰਦਰ ਸਿੰਘ ਐੱਨ.ਡੀ.ਪੀ. ਉਮੀਦਵਾਰ ਹਨ। ਕੈਲਗਰੀ ਸਕਾਈਵਿਊ ਕੈਨੇਡਾ ਦਾ ਇਕੋ-ਇਕ ਅਜਿਹਾ ਸੰਸਦੀ ਹਲਕਾ ਹੈ।
ਜਿੱਥੇ ਪੰਜਾਬੀ ਉਮੀਦਵਾਰਾਂ ਵਿਚਕਾਰ ਚਹੁੰਕੋਣਾ ਮੁਕਾਬਲਾ ਹੋਵੇਗਾ। ਇਸ ਹਲਕੇ ਤੋਂ ਐਡਵੋਕੇਟ ਜਗਦੀਪ ਕੌਰ ਜੈਗ ਸਹੋਤਾ ਕੰਜ਼ਰਵੇਟਿਵ, ਜਾਰਜ਼ ਚਾਹਲ ਲਿਬਰਲ, ਗੁਰਿੰਦਰ ਸਿੰਘ ਗਿੱਲ ਐੱਨ.ਡੀ.ਪੀ. ਤੇ ਹੈਰੀ ਢਿੱਲੋਂ ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਉਮੀਦਵਾਰ ਹਨ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਸੂਲਪੁਰ ਦੇ ਭਾਰਤੀ ਫ਼ੌਜ ਵਿਚ ਕਰਨਲ ਰਹੇ ਸਵ: ਮਹਿੰਦਰ ਸਿੰਘ ਬਾਠ ਦੀ ਧੀ ਟੀਨਾ ਬੈਂਸ ਸਰੀ ਸੈਂਟਰ ਸੰਸਦੀ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਹੈ। ਇਹ ਹਲਕੇ ਤੋਂ 2 ਵਾਰ ਸੰਸਦ ਮੈਂਬਰ ਰਹੇ ਰਣਦੀਪ ਸਿੰਘ ਸਰਾਏ ਲਿਬਰਲ ਅਤੇ ਸ਼ਿਮਲਾ ਦੀ ਜੰਮਪਲ ਸੋਨੀਆ ਆਂਧੀ ਐੱਨ.ਡੀ.ਪੀ. ਉਮੀਦਵਾਰ ਹਨ।
ਮੰਡੀ ਅਹਿਮਦਗੜ੍ਹ ਨੇੜਲੇ ਪਿੰਡ ਜੰਡਾਲੀ ਕਲਾਂ ਦੇ ਸਾਬਕਾ ਸਰਪੰਚ ਹਰਬੰਸ ਸਿੰਘ ਦੀ ਸਪੁੱਤਰੀ ਰੂਬੀ ਸਹੋਤਾ ਬਰੈਂਪਟਨ ਨਾਰਥ ਹਲਕੇ ਤੋਂ ਲਿਬਰਲ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੀ ਹੈ। ਰੀਅਲ ਅਸਟੇਟ ਏਜੰਟ ਮੇਧਾ ਜੋਸ਼ੀ ਇੱਥੋਂ ਕੰਜ਼ਰਵੇਟਿਵ ਉਮੀਦਵਾਰ ਹੈ | ਰਾਜਪ੍ਰੀਤ ਕੌਰ ਰਾਜ਼ੀ ਤੂਰ ਫਲੀਟਵੁੱਡ-ਪੋਰਟਕੈਲਜ਼ ਤੋਂ ਐੱਨ.ਡੀ.ਪੀ. ਦੀ ਟਿਕਟ 'ਤੇ ਪਹਿਲੀ ਵਾਰ ਚੋਣ ਮੈਦਾਨ ਵਿਚ ਨਿੱਤਰੀ ਹੈ।
ਇਸ ਹਲਕੇ ਤੋਂ ਸਾਬਕਾ ਵਿਧਾਇਕ ਦੇਵ ਹੇਅਰ ਕੰਜ਼ਰਵੇਟਿਵ ਅਤੇ ਅੰਮ੍ਰਿਤ ਬੜਿੰਗ ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਉਮੀਦਵਾਰ ਹਨ। ਦਿੱਲੀ ਨਾਲ ਸਬੰਧਿਤ ਕਮਲ ਖਹਿਰਾ ਬਰੈਂਪਟਨ ਵੈਸਟ ਤੋਂ ਲਿਬਰਲ ਉਮੀਦਵਾਰ ਹੈ।ਐੱਨ.ਡੀ.ਪੀ. ਨੇ ਇੱਥੋਂ ਗੁਰਪ੍ਰੀਤ ਗਿੱਲ ਨੂੰ ਟਿਕਟ ਦੇ ਕੇ ਨਿਵਾਜਿਆ ਹੈ।
ਚੰਡੀਗੜ੍ਹ ਦੀ ਜੰਮਪਲ ਪ੍ਰੀਤੀ ਲਾਂਬਾ ਈਟੋਬੀਕੋ ਨੌਰਥ ਸੰਸਦੀ ਹਲਕੇ ਤੋਂ ਕੰਜ਼ਰਵੇਟਿਵ ਉਮੀਦਵਾਰ ਹੈ। 4 ਸਾਲ ਦੀ ਉਮਰ ਵਿਚ ਪੰਜਾਬ ਤੋਂ ਕੈਨੇਡਾ ਆਈ ਇੰਦਰਾ ਬੈਂਸ ਈਟੋਬੀਕੋ ਲੇਕਸੋਰ ਤੋਂ ਕੰਜ਼ਰਵੇਟਿਵ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੀ ਹੈ।ਜ਼ਿਲ੍ਹਾ ਮੋਗਾ ਦੇ ਪਿੰਡ ਸ਼ੋਸਨ ਦੀ ਜੰਮਪਲ ਲਖਵਿੰਦਰ ਝੱਜ ਸਕੀਨਾ ਬਲਕੀ ਵੈਲੀ ਸੰਸਦੀ ਹਲਕਾ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਹੈ।
ਇਸ ਤੋਂ ਪਹਿਲਾਂ ਉਹ ਦੋ ਵਾਰ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੀ ਚੋਣ ਵੀ ਲੜ ਚੁੱਕੀ ਹੈ।ਮਨਿੰਦਰਜੀਤ ਕੌਰ ਤੰਬੜੂ ਪੀਅਰਫੌਂਡਜ-ਡੋਨਾਲਡ ਹਲਕੇ ਤੋਂ ਐੱਨ.ਡੀ.ਪੀ. ਉਮੀਦਵਾਰ ਹੈ।ਜ਼ਿਲ੍ਹਾ ਮੋਗਾ ਦੇ ਪਿੰਡ ਚੜਿੱਕ ਨਾਲ ਸਬੰਧਿਤ ਦੰਦਾਂ ਦੀ ਡਾਕਟਰ ਨਵਰੀਨ ਗਿੱਲ ਐਬਟਸਫੋਰਡ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਹੈ।
ਲੁਧਿਆਣੇ ਨੇੜਲੇ ਪਿੰਡ ਚੂਹੜਪੁਰ ਦੇ ਡਿਵੈੱਲਪਰ ਸੁੱਖ ਗਰੇਵਾਲ ਦੀ ਧੀ ਗੁਨੀਤ ਗਰੇਵਾਲ ਮਿਸ਼ਨ ਮਾਸ਼ਕੀ ਫਰੇਜ਼ਰ ਕੈਨਨ ਤੋਂ ਲਿਬਰਲ ਉਮੀਦਵਾਰ ਹੈ। ਸਪੈਦਿਨਾ-ਫੋਰਟ ਯਾਰਕ ਤੋਂ ਸੁੱਖੀ ਜੰਡੂ ਕੰਜ਼ਰਵੇਟਿਵ ਉਮੀਦਵਾਰ ਹੈ। ਸਬਰੀਨਾ ਗਰੋਵਰ ਕੈਲਗਰੀ ਸੈਂਟਰ ਤੋਂ ਲਿਬਰਲ ਉਮੀਦਵਾਰ ਹੈ।
ਈਸ਼ਾ ਕੋਹਲੀ ਰਿਚਮੰਡ ਹਿੱਲ ਤੋਂ ਗਰੀਨ ਪਾਰਟੀ ਦੀ ਉਮੀਦਵਾਰ ਹੈ। ਸੈਨਿਚ-ਗਲਫ਼ ਆਈਲੈਂਡ ਤੋਂ ਸਬੀਨਾ ਸਿੰਘ ਐੱਨ.ਡੀ.ਪੀ. ਉਮੀਦਵਾਰ ਹੈ। ਡਾ. ਜਸਵੀਨ ਰਤਨ ਮਿਸੀਸਾਗਾ-ਸਟਰੀਟਸਵਿਲ ਤੋਂ ਕੰਜ਼ਰਵੇਟਿਵ ਉਮੀਦਵਾਰ ਹੈ। 20 ਸਤੰਬਰ ਨੂੰ ਹੀ ਪਤਾ ਚੱਲੇਗਾ ਕਿ ਕਿਹੜੀ ਪੰਜਾਬਣ ਬੀਬੀ ਕੈਨੇਡਾ ਦੀ ਸੰਸਦ ਮੈਂਬਰ ਬਣਨ ਵਿਚ ਸਫ਼ਲ ਹੁੰਦੀ ਹੈ।