ਅਫ਼ਗਾਨਿਸਤਾਨ ਸਥਿਤੀ ’ਤੇ ਇਕ ਉੱਚ ਪੱਧਰੀ ਸਮੂਹ ਦਾ ਗਠਨ : ਮੋਦੀ

by vikramsehajpal

ਦਿੱਲੀ (ਦੇਵ ਇੰਦਰਜੀਤ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫ਼ਗਾਨਿਸਤਾਨ ’ਚ ਲਗਾਤਾਰ ਬਦਲ ਰਹੀ ਸਥਿਤੀ ’ਚ ਭਾਰਤ ਦੀ ਪਹਿਲ ’ਤੇ ਧਿਆਨ ਕੇਂਦਰਿਤ ਕਰਨ ਲਈ ਇਕ ਉੱਚ ਪੱਧਰੀ ਸਮੂਹ ਦਾ ਗਠਨ ਕੀਤਾ ਹੈ, ਜਿਸ ’ਚ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਸੀਨੀਅਰ ਅਧਿਕਾਰੀ ਸ਼ਾਮਲ ਹਨ। ਅਫ਼ਗਾਨਿਸਤਾਨ ’ਚ ਪਿਛਲੇ ਸਾਲਾਂ ’ਚ ਭਾਰਤ ਵਲੋਂ ਕੀਤੇ ਗਏ ਨਿਵੇਸ਼ ਅਤੇ ਕਈ ਪ੍ਰਾਜੈਕਟਾਂ ਦੇ ਮੱਦੇਨਜ਼ਰ ਭਾਰਤ ਦੇ ਹਿੱਤ ਅਫ਼ਗਾਨਿਸਤਾਨ ਨਾਲ ਕਾਫ਼ੀ ਡੂੰਘੇ ਜੁੜੇ ਹੋਏ ਹਨ।

ਇਸ ਲਈ ਇਸ ਨੂੰ ਕਾਫ਼ੀ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਸ ਸਮੂਹ ਦਾ ਗਠਨ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਬਦਲਦੇ ਹਾਲਾਤਾਂ ਦੇ ਮੱਦੇਨਜ਼ਰ ਭਾਰਤ ਦੀ ਨੀਤੀ ਅਤੇ ਦ੍ਰਿਸ਼ਟੀਕੋਣ ਅਨੁਸਾਰ ਰਣਨੀਤੀ ਬਣਾਉਣ ਲਈ ਕੀਤਾ ਗਿਆ ਹੈ। ਇਸ ਸਮੂਹ ਦਾ ਕੰਮ ਅਫ਼ਗਾਨਿਸਤਾਨ ਦੇ ਹਰ ਰੋਜ਼ ਦੇ ਘਟਨਾਕ੍ਰਮ ਅਤੇ ਉਸ ਦੇ ਭਾਰਤ ’ਤੇ ਅਸਰ ’ਤੇ ਨਜ਼ਰ ਰੱਖਣ ਦਾ ਹੈ। ਇਹ ਸਮੂਹ ਪਿਛਲੇ ਕੁਝ ਦਿਨਾਂ ਤੋਂ ਨਿਯਮਿਤ ਤੌਰ ’ਤੇ ਬੈਠਕ ਕਰ ਰਿਹਾ ਹੈ।

ਅਫ਼ਗਾਨਿਸਤਾਨ ਦੇ ਸੰਦਰਭ ’ਚ ਭਾਰਤ ਦੀ ਸਭ ਤੋਂ ਵੱਡੀ ਪਹਿਲ ਉੱਥੋਂ ਦੇ ਲੋਕਾਂ ਦੀ ਸੁਰੱਖਿਅਤ ਵਾਪਸੀ ਅਤੇ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਹੈ। ਇਸ ਦੇ ਨਾਲ ਹੀ ਇਸ ਬਾਰੇ ਵੀ ਰਣਨੀਤੀ ਬਣਾਉਣੀ ਹੈ ਕਿ ਆਉਣ ਵਾਲੇ ਸਮੇਂ ’ਚ ਅਫ਼ਗਾਨਿਸਤਾਨ ਦੀ ਜ਼ਮੀਨ ਤੋਂ ਭਾਰਤ ਵਿਰੁੱਧ ਅੱਤਵਾਦੀ ਗਤੀਵਿਧੀ ਨਾ ਸੰਚਾਲਿਤ ਕੀਤੀ ਜਾਵੇ। ਇਸ ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਅਗਸਤ ਮਹੀਨੇ ਭਾਰਤ ਦੀ ਪ੍ਰਧਾਨਗੀ ਦੇ ਸਮਾਪਨ ਸੈਸ਼ਨ ’ਚ ਅਫ਼ਗਾਨਿਸਤਾਨ ਤੋਂ ਲੋਕਾਂ ਦੀ ਸੁਰੱਖਿਅਤ ਵਾਪਸੀ ਅਤੇ ਅੱਤਵਾਦ ਨਾਲ ਮਿਲ ਕੇ ਮੁਕਾਬਲਾ ਕਰਨ ਅਤੇ ਘੱਟ ਗਿਣਤੀਆਂ ਦੀ ਰੱਖਿਆ ਦੇ ਸੰਬੰਧ ’ਚ ਇਕ ਪ੍ਰਸਤਾਵ ਵੀ ਪਾਸ ਕੀਤਾ ਹੈ।

ਸਰਕਾਰ ਨੇ ਵਿਰੋਧੀ ਦਲਾਂ ਨੂੰ ਵੀ ਅਫ਼ਗਾਨਿਸਤਾਨ ਦੇ ਮੁੱਦੇ ’ਤੇ ਵਿਸ਼ਵਾਸ ’ਚ ਲੈਣ ਦੀ ਕਵਾਇਦ ਦੇ ਅਧੀਨ ਉਨ੍ਹਾਂ ਨੂੰ ਅਫ਼ਗਾਨਿਸਤਾਨ ਦੀ ਸਥਿਤੀ ’ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਭਾਰਤ ਨੇ ਅਫ਼ਗਾਨਿਸਤਾਨ ਤੋਂ ਪਿਛਲੇ ਹਫ਼ਤਿਆਂ ਦੌਰਾਨ 6 ਉਡਾਣਾਂ ਸੰਚਾਲਿਤ ਕੀਤੀਆਂ, ਜਿਨ੍ਹਾਂ ’ਚ ਭਾਰਤੀ ਨਾਗਰਿਕਾਂ ਸਮੇਤ 550 ਤੋਂ ਵੱਧ ਲੋਕਾਂ ਨੂੰ ਵਾਪਸ ਲਿਆਂਦਾ ਗਿਆ।