ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਸਰਕਾਰ ਵੱਲੋਂ ਸਿੱਖਸ ਫ਼ਾਰ ਜਸਟਿਸ ਖ਼ਿਲਾਫ਼ ਵੱਡਾ ਐਕਸ਼ਨ ਲਿਆ ਗਿਆ ਹੈ। ਪੰਜਾਬ ਸਰਕਾਰ ਦੇ ਹੁਕਮਾਂ 'ਤੇ ਪੰਜਾਬ ਪੁਲਸ ਵੱਲੋਂ ਸੂਬੇ ਵਿੱਚ ਹਿੰਸਾ ਦਾ ਮਾਹੌਲ ਪੈਦਾ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਨ ਅਤੇ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਮਾਰਨ ਦੀ ਧਮਕੀ ਦੇਣ ਲਈ ਆਈ. ਐੱਸ. ਆਈ. ਤੋਂ ਸਮਰਥਨ ਪ੍ਰਾਪਤ ਖ਼ਾਲਿਸਤਾਨ ਪੱਖੀ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਐੱਫ. ਆਈ. ਆਰ ਦਰਜ ਕਰਨ ਤੋਂ ਬਾਅਦ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਪੰਨੂ ਨੂੰ ਸੂਬੇ ਦੀ ਸਾਂਤੀ, ਸਥਿਰਤਾ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਸਖ਼ਤ ਚਿਤਾਵਨੀ ਦਿੱਤੀ ਹੈ।
ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ ਅਤੇ ਇਸ ਦੇ ਆਪੂੰ ਬਣੇ ਜਨਰਲ ਕੌਂਸਲ ਵੱਲੋਂ ਪੰਜਾਬ ਵਿੱਚ ਮਾਹੌਲ ਖ਼ਰਾਬ ਪੈਦਾ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਉਨ੍ਹਾਂ ਦੀ ਸਰਕਾਰ ਵੱਲੋਂ ਕਰਾਰਾ ਜਵਾਬ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਅਤੇ ਸਾਡੇ ਲੋਕਾਂ ਨੂੰ ਮੁੜ ਅੱਤਵਾਦ ਦੇ ਕਾਲੇ ਦਿਨਾਂ ਵਿਚ ਧਕੇਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ, ਜਿਸ ਨੇ ਹਜ਼ਾਰਾਂ ਨਿਰਦੋਸ਼ਾਂ ਦੀਆਂ ਜਾਨਾਂ ਲਈਆਂ। ਕੈਪਟਨ ਅਮਰਿੰਦਰ ਨੇ ਕਿਹਾ ਕਿ ਐੱਸ. ਐੱਫ. ਜੇ. ਦੀਆਂ ਮਾਹੌਲ ਖ਼ਰਾਬ ਕਰਨ ਅਤੇ ਵੰਡ ਪਾਉਣ ਦੀਆਂ ਕਾਰਵਾਈਆਂ ਦਾ ਢੁੱਕਵਾਂ ਜਵਾਬ ਦਿੱਤਾ ਜਾਵੇਗਾ।
ਗੁਰੂਆਂ ਦੀ ਧਰਤੀ ਜਿਨ੍ਹਾਂ ਨੇ ਹਮੇਸ਼ਾ ਮਨੁੱਖਤਾ ਦੀ ਏਕਤਾ ਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ, ਪੰਜਾਬ ਧਰਮ, ਜਾਤ ਅਤੇ ਨਸਲ ਦੇ ਭੇਦਭਾਵ ਤੋਂ ਬਿਨਾਂ ਸਾਰਿਆਂ ਦਾ ਘਰ ਹੈ, ਮੁੱਖ ਮੰਤਰੀ ਨੇ ਕਿਹਾ ਕਿ ਧਰਮ ਦੇ ਨਾਂ ’ਤੇ ਅਤੇ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸ਼ਾਂਤੀਪੂਰਨ ਵੱਖਵਾਦੀ ਮੁਹਿੰਮ ਦੀ ਆੜ ਵਿੱਚ ਪੰਨੂ ਦੀਆਂ ਨਫ਼ਰਤ, ਫੁੱਟ ਅਤੇ ਹਿੰਸਾ ਨੂੰ ਭੜਕਾਉਣ ਦੀਆਂ ਨਿਰਾਸ਼ਾਜਨਕ ਕੋਸ਼ਿਸ਼ਾਂ ਨੂੰ ਪਹਿਲਾਂ ਹੀ ਪੰਜਾਬ ਅਤੇ ਭਾਰਤ ਦੇ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਰਾਜਨੀਤਿਕ ਨੇਤਾਵਾਂ ਅਤੇ ਪਾਰਟੀਆਂ ਨੇ ਪੰਨੂ ਦੀ ਪਾਕਿਸਤਾਨ ਆਈ. ਐੱਸ. ਆਈ. ਤੋਂ ਫੰਡ ਪ੍ਰਾਪਤ ਵੱਖਰੇ ਮੁਲਕ ਦੀ ਮੰਗ ਕਰਦੀ ਮੁਹਿੰਮ ਦੀ ਨਿੰਦਾ ਕੀਤੀ ਸੀ। ਮੁੱਖ ਮੰਤਰੀ ਵੱਲੋਂ ਪੰਨੂ ਨੂੰ ਇਹ ਸਖ਼ਤ ਚਿਤਾਵਨੀ ਪੰਜਾਬ ਪੁਲਸ ਵੱਲੋਂ ਸੋਮਵਾਰ ਨੂੰ ਐੱਸ. ਐੱਫ. ਜੇ. ਦੇ ਫੇਸਬੁੱਕ ਪੇਜ ’ਤੇ ਪੋਸਟ ਕੀਤੇ ਗਏ ਇੱਕ ਵੀਡੀਓ ਰਾਹੀਂ ਮੁੱਖ ਮੰਤਰੀ ਨੂੰ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਐੱਫ. ਆਈ. ਆਰ. ਦਰਜ ਕਰਨ ਦੇ ਬਾਅਦ ਦਿੱਤੀ ਗਈ ਹੈ।