ਗੁਰੂਗ੍ਰਾਮ (ਦੇਵ ਇੰਦਰਜੀਤ) : ਉੱਤਰੀ ਦਿੱਲੀ ਦੇ ਨਰੇਲਾ ਦੀ 13 ਸਾਲਾ ਇਕ ਦਲਿਤ ਕੁੜੀ ਨਾਲ ਉਸ ਦੀ ਮਕਾਨ ਮਾਲਕਿਨ ਦੇ ਇਕ ਰਿਸ਼ਤੇਦਾਰ ਨੇ ਗੁਰੂਗ੍ਰਾਮ ’ਚ ਜਬਰ ਜ਼ਿਨਾਹ ਕੀਤਾ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਕਾਨ ਮਾਲਕਿਨ ਦੇ ਭਰਾ ਪ੍ਰਵੀਨ ਵਰਮਾ ਨੂੰ ਕੁੜੀ ਦੇ ਪਿਤਾ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ।
ਪੀੜਤਾ ਦੇ ਪਿਤਾ ਨੇ ਪੁਲਸ ਕੰਟਰੋਲ ਰੂਮ ’ਚ ਫ਼ੋਨ ਕਰ ਕੇ ਸ਼ਿਕਾਇਤ ਕੀਤੀ ਕਿ ਦੋਸ਼ੀ ਨੇ ਉਨ੍ਹਾਂ ਦੇ ਪਰਿਵਾਰ ਨੂੰ ਕੁੜੀ ਦਾ ਅੰਤਿਮ ਸੰਸਕਾਰ ਕਰਨ ਲਈ ਮਜ਼ਬੂਰ ਕਰਨ ਦੀ ਕੋਸ਼ਿਸ਼ ਕੀਤੀ। ਸ਼ਿਕਾਇਤ ’ਚ ਕੁੜੀ ਦੇ ਪਿਤਾ ਨੇ ਕਿਹਾ,‘‘17 ਜੁਲਾਈ ਨੂੰ ਮੇਰੇ ਮਕਾਨ ਮਾਲਿਕ ਦੀ ਪਤਨੀ ਨੇ ਕਿਹਾ ਕਿ ਉਸ ਦੀ ਭਰਜਾਈ ਨੇ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਉਹ ਮੇਰੀ ਧੀ ਨੂੰ ਆਪਣੇ ਭਰਾ ਦੇ ਘਰ ਗੁਰੂਗ੍ਰਾਮ ਨਾਲ ਲਿਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੇਰੀ ਧੀ ਉੱਥੇ ਰੁਕ ਸਕਦੀ ਹੈ ਅਤੇ ਉਸ ਦੇ ਭਰਾ ਦੇ ਬੱਚੇ ਨਾਲ ਖੇਡ ਸਕਦੀ ਹੈ।’’
23 ਅਗਸਤ ਨੂੰ ਦੁਪਹਿਰ ਕਰੀਬ 3 ਵਜੇ ਕੁੜੀ ਦੇ ਪਿਤਾ ਨੂੰ ਮਕਾਨ ਮਾਲਿਕ ਨੇ ਦੱਸਿਆ ਕਿ ਉਸ ਦੀ ਧੀ ਦੀ ਮੌਤ ਹੋ ਗਈ ਹੈ। ਸ਼ਾਮ ਕਰੀਬ 7 ਵਜੇ ਤੱਕ ਇਕ ਨਿੱਜੀ ਐਂਬੂਲੈਂਸ ’ਤੇ ਲਾਸ਼ ਨੂੰ ਅੰਤਿਮ ਸੰਸਕਾਰ ਲਈ ਉਹ ਨਰੇਲਾ ਲੈ ਆਏ। ਕੁੜੀ ਦੇ ਪਿਤਾ ਨੇ ਸ਼ੱਕ ਹੋਣ ’ਤੇ ਪੀ.ਸੀ.ਆਰ. ਨੂੰ ਫੋਨ ਕੀਤਾ ਅਤੇ ਨਰੇਲਾ ਪੁਲਸ ਥਾਣੇ ਦੇ ਮੁਲਾਜ਼ਮ ਉੱਥੇ ਪਹੁੰਚੇ, ਜਿੱਥੋਂ ਲਾਸ਼ ਨੂੰ ਬਾਬੂ ਜਗਜੀਵਨ ਹਸਪਤਾਲ ਲਿਜਾਇਆ ਗਿਆ।
ਕੁੜੀ ਦੇ ਪਿਤਾ ਨੇ ਸ਼ਿਕਾਇਤ ’ਚ ਦੋਸ਼ ਲਗਾਇਆ ਕਿ ਮਕਾਨ ਮਾਲਿਕ ਦੇ ਭਰਾ ਪ੍ਰਵੀਨ ਵਰਮਾ ਨੇ ਹੋਰ ਨਾਲ ਮਿਲ ਕੇ ਉਨ੍ਹਾਂ ਦੀ ਧੀ ਦਾ ਕਤਲ ਕਰ ਦਿੱਤਾ। ਗੁਰੂਗ੍ਰਾਮ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਆਈ.ਪੀ.ਸੀ. ਦੀ ਧਾਰਾ 302 ਕਤਲ ਅਤੇ 120 ਬੀ ਅਪਰਾਧਕ ਸਾਜਿਸ਼ ਦੀ ਸਜ਼ਾ ਅਤੇ ਅਨੁਸੂਚਿਤ ਜਾਤੀ/ਜਨਜਾਤੀ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ।
ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ’ਚ ਯੌਨ ਸ਼ੋਸ਼ਣ ਦੀ ਪੁਸ਼ਟੀ ਤੋਂ ਬਾਅਦ ਸ਼ਿਕਾਇਤ ’ਚ ਹੋਰ ਧਾਰਾਵਾਂ ਜੋੜੀਆਂ ਗਈਆਂ ਅਤੇ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮਹੀਨੇ ਦੀ ਸ਼ੁਰੂਆਤ ’ਚ 9 ਸਾਲ ਦੀ ਇਕ ਦਲਿਤ ਬੱਚੀ ਨਾਲ ਦਿੱਲੀ ਦੇ ਕੈਂਟ ਇਲਾਕੇ ’ਚ ਜਬਰ ਜ਼ਿਨਾਹ ਅਤੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।