by vikramsehajpal
ਗਾਜ਼ੀਪੁਰ (ਦੇਵ ਇੰਦਰਜੀਤ) : ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਤਿੰਨੋਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਨਹੀਂ ਕਰ ਦਿੰਦੀ, ਓਨਾ ਚਿਰ ਪੰਜਾਬ ਦੇ ਕਿਸੇ ਵੀ ਹਿੱਸੇ ਵਿਚ ਭਾਜਪਾ ਦੀ ਇਕ ਵੀ ਮੀਟਿੰਗ ਨਹੀਂ ਹੋਣ ਦੇਣਗੇ। ਚਾਹੇ ਇਸ ਦੇ ਲਈ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਇਹ ਐਲਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨੇਤਾ ਸੌਦਾਗਰ ਸਿੰਘ ਘੁਡਾਣੀ ਨੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ’ਚ ਖੇਤੀ ਕਾਨੂੰਨ ਲਾਗੂ ਕੀਤੇ ਜਾਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਲੈ ਕੇ ਹੀ ਅੱਜ ਤੱਕ ਲੁਧਿਆਣਾ ਦੇ ਐੱਮ. ਬੀ. ਡੀ. ਮਾਲ ਦੇ ਨੇੜੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਕਿਸਾਨਾਂ ਨੇ ਪੱਕਾ ਮੋਰਚਾ ਲਾਇਆ ਹੋਇਆ ਹੈ। ਜਦੋਂ ਵੀ ਉਨ੍ਹਾਂ ਨੂੰ ਇਸ ਗੱਲ ਦੀ ਭਿਣਕ ਲਗਦੀ ਹੈ ਕਿ ਭਾਜਪਾ ਦਾ ਕੋਈ ਲੀਡਰ ਲੁਧਿਆਣਾ ’ਚ ਮੀਟਿੰਗ ਕਰਨ ਲਈ ਪੁੱਜ ਰਿਹਾ ਤਾਂ ਇਹ ਸਾਰੇ ਕਿਸਾਨ ਹੱਥਾਂ ’ਚ ਡੰਡੇ ਚੁੱਕ ਕੇ ਭਾਜਪਾ ਵਿਰੋਧੀ ਨਾਅਰੇ ਲਗਾਉਂਦੇ ਹੋਏ ਉਸ ਸਥਾਨ ਵੱਲ ਮਾਰਚ ਕਰਦੇ ਨਿਕਲ ਪੈਂਦੇ ਹਨ।
ਜਦੋਂ ਕਿਸਾਨਾਂ ਨੂੰ ਇਹ ਜਾਣਕਾਰੀ ਮਿਲੀ ਕਿ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਸਥਾਨਕ ਸਰਕਟ ਹਾਊਸ ’ਚ ਮੀਟਿੰਗ ਲਈ ਆਏ ਹੋਏ ਹਨ ਤਾਂ ਇਨ੍ਹਾਂ ਨੇ ਉਸੇ ਸਮੇਂ ਸਰਕਟ ਹਾਊਸ ਵੱਲ ਮਾਰਚ ਕਰਨਾ ਸ਼ੁਰੂ ਕਰ ਦਿੱਤਾ। ਪੁਲਸ ਅਤੇ ਖੁਫੀਆ ਏਜੰਸੀਆਂ ਨੂੰ ਇਨ੍ਹਾਂ ਸੰਘਰਸ਼ਕਾਰੀ ਕਿਸਾਨਾਂ ਨੂੰ ਰੋਕਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਪੁਲਸ ਨੇ ਪਹਿਲਾਂ ਇਨ੍ਹਾਂ ਨੂੰ ਵੇਰਕਾ ਮਿਲਕ ਪਲਾਂਟ ਨੇੜੇ ਰੋਕਿਆ ਪਰ ਇਨ੍ਹਾਂ ’ਚੋਂ ਬਹੁਤ ਸਾਰੇ ਕਿਸਾਨ ਪੁਲਸ ਨੂੰ ਧੋਖਾ ਦੇ ਕੇ ਸਰਕਟ ਹਾਊਸ ਦੇ ਬਾਹਰ ਪੁੱਜਣ ’ਚ ਸਫਲ ਹੋ ਗਏ।
ਇਸ ਸੰਘਰਸ਼ ’ਚ ਵੱਡੀ ਗਿਣਤੀ ’ਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਪੁਲਸ ਨੇ ਕਿਸਾਨਾਂ ਨੂੰ ਰੋਕਣ ਲਈ ਜਗ੍ਹਾ-ਜਗ੍ਹਾ ਬੈਰੀਕੇਡ ਲਗਾਏ ਹੋਏ ਸਨ। ਸਰਕਟ ਹਾਊਸ ਨੂੰ ਪੂਰੀ ਤਰ੍ਹਾਂ ਪੁਲਸ ਛਾਉਣੀ ’ਚ ਤਬਦੀਲ ਕਰ ਦਿੱਤਾ ਸੀ। ਇਥੇ ਪੁਲਸ ਅਤੇ ਕਿਸਾਨਾਂ ’ਚ ਜ਼ੋਰ ਅਜ਼ਮਾਈ ਵੀ ਹੋਈ। ਦੇਰ ਸ਼ਾਮ ਤੱਕ ਕਿਸਾਨਾਂ ਦਾ ਇਹ ਰੋਸ ਪ੍ਰਦਰਸ਼ਨ ਉਸ ਸਮੇਂ ਖਤਮ ਹੋਇਆ, ਜਦੋਂ ਸਰਕਟ ਹਾਊਸ ’ਚ ਭਾਜਪਾ ਦੀ ਮੀਟਿੰਗ ਖਤਮ ਹੋ ਗਈ।
ਜਾਣਕਾਰੀ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਹਰ ਵਾਰ ਭਾਜਪਾ ਦੀ ਮੀਟਿੰਗ ਸਮੇਂ ਕਿਸਾਨਾਂ ਅਤੇ ਭਾਜਪਾ ਦੇ ਵਰਕਰਾਂ ਵਿਚਕਾਰ ਪੈਦਾ ਹੋਣ ਵਾਲੇ ਟਕਰਾਅ ਨੂੰ ਧਿਆਨ ’ਚ ਰੱਖਦੇ ਹੋਏ ਆਉਣ ਵਾਲੇ ਸਮੇਂ ਦੌਰਾਨ ਭਾਜਪਾ ਦੀ ਮੀਟਿੰਗ ਆਨਲਾਈਨ ਹੋਵੇਗੀ। ਇਹ ਫੈਸਲਾ ਸਰਕਾਰ ਅਤੇ ਕਿਸਾਨਾਂ ਵਿਚ ਚੱਲ ਰਹੇ ਵਿਵਾਦ ਨਾਲ ਨਜਿੱਠਣ ਤੱਕ ਵੀ ਜਾਰੀ ਰਹਿ ਸਕਦਾ ਹੈ।