ਜਲੰਧਰ (ਦੇਵ ਇੰਦਰਜੀਤ) : ਪਿਛਲੇ ਚਾਰ ਦਿਨਾਂ ਤੋਂ ਜਲੰਧਰ ਵਿਚ ਧਰਨੇ ’ਤੇ ਬੈਠੇ ਗੰਨਾ ਕਿਸਾਨਾਂ ਦੀ ਮੰਗ ਮੰਨਦੇ ਹੋਏ ਪੰਜਾਬ ਸਰਕਾਰ ਨੇ ਗੰਨੇ ਦਾ ਰੇਟ ਵਧਾ ਦਿੱਤਾ ਹੈ। ਪੰਜਾਬ ਸਰਕਾਰ ਨੇ ਕਿਸਾਨਾਂ ਦੀ ਮੰਗ ਪ੍ਰਵਾਨ ਕਰਦੇ ਹੋਏ ਰੇਟ ਵਧਾਏ ਹਨ। ਹੁਣ ਪੰਜਾਬ ਵਿਚ ਗੰਨੇ ਦਾ ਰੇਟ 360 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ।
ਸਰਕਾਰ ਨੇ ਗੰਨੇ ਦੇ ਭਾਅ ਵਿਚ 35 ਰੁਪਏ ਦਾ ਇਜ਼ਾਫਾ ਕੀਤਾ ਹੈ ਅਤੇ 15 ਦਿਨਾਂ ਦੇ ਅੰਦਰ ਹੀ ਬਕਾਇਆ ਦੇਣ ਦੀ ਵੀ ਗੱਲ ਕਹੀ ਗਈ ਹੈ । ਇਸ ਦੇ ਨਾਲ ਹੀ ਹੁਣ ਜਦੋਂ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਹਨ ਅਤੇ ਕਿਸਾਨ ਵੀ ਖੁਸ਼ ਨਜ਼ਰ ਆਏ ਹਨ ਤਾਂ ਹੁਣ ਜਲੰਧਰ ਵਿਖੇ ਲੱਗਾ ਧਰਨਾ ਕਿਸਾਨਾਂ ਵਲੋਂ ਚੁੱਕ ਲਿਆ ਜਾਵੇਗਾ।
ਗੰਨੇ ਭਾਅ ਵਧਾਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਨੇ ਵੀ ਸੋਸ਼ਲ ਮੀਡੀਆ ’ਤੇ ਆਖਿਆ ਕਿ ਮੈਨੂੰ ਇਹ ਦੱਸਣ ਵਿਚ ਖੁਸ਼ੀ ਹੋ ਰਹੀ ਹੈ ਕਿ ਸਾਡੇ ਗੰਨਾ ਕਿਸਾਨਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ, ਗੰਨੇ ਲਈ 360 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਐਸ. ਏ. ਪੀ. ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕੈਪਟਨ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਦਾ ਉਦੇਸ਼ ਸਮੁੱਚੇ ਫਸਲੀ ਵਿਭਿੰਨਤਾ ਯਤਨਾਂ ਦੇ ਹਿੱਸੇ ਵਜੋਂ ਪੰਜਾਬ ਵਿਚ ਗੰਨੇ ਦੇ ਉਤਪਾਦਨ ਨੂੰ ਵਧਾਉਣਾ ਅਤੇ ਖੰਡ ਦੀ ਰਿਕਵਰੀ ਵਿਚ ਸੁਧਾਰ ਕਰਨਾ ਹੈ।