ਤਾਜਿਕਸਤਾਨ (ਦੇਵ ਇੰਦਰਜੀਤ) : ਤਾਲਿਬਾਨ ਸ਼ਾਸਨ ਤੋਂ ਬਾਅਦ ਅਫਗਾਨਿਸਤਾਨ ਦੇ ਹਾਲਾਤ ਹੋਰ ਬੇਕਾਬੂ ਹੁੰਦੇ ਜਾ ਰਹੇ ਹਨ। ਰਾਸ਼ਟਰਪਤੀ ਅਸ਼ਰਫ ਗਨੀ ਦੇ ਦੇਸ਼ ਛੱਡਣ ਤੋਂ ਬਾਅਦ ਉਪ ਰਾਸ਼ਟਰਪਤੀ ਅਮਰੁੱਲ੍ਹਾ ਸਾਲੇਹ ਨੇ ਖੁਦ ਨੂੰ ਦੇਸ਼ ਦਾ ਰਾਸ਼ਟਰਪਤੀ ਐਲਾਨ ਕਰ ਦਿੱਤਾ ਹੈ। ਤਾਜਿਕਸਤਾਨ ’ਚ ਅਫਗਾਨਿਸਤਾਨ ਦੇ ਦੂਤਘਰ ਨੇ ਅਸ਼ਰਫ ਗਨੀ ਦੀ ਫੋਟੋ ਉਤਾਰ ਕੇ ਸੁੱਟ ਦਿੱਤੀ ਤੇ ਹੁਣ ਉਸ ਦੀ ਜਗ੍ਹਾ ’ਤੇ ਹੁਣ ਅਮਰੁੱਲਾ ਸਾਲੇਹ ਦੀ ਫੋਟੋ ਲਾ ਦਿੱਤੀ ਹੈ। ਇਹੀ ਨਹੀਂ, ਪੰਜਸ਼ੀਰ ਦੇ ਸ਼ੇਰ ਅਖਵਾਉਣ ਵਾਲੇ ਕਮਾਂਡਰ ਅਹਿਮਦ ਸ਼ਾਹ ਮਸੂਦ ਦੀ ਵੀ ਤਸਵੀਰ ਲਾਈ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਤਾਜਿਕਸਤਾਨ ’ਚ ਅਫਗਾਨ ਦੂਤਘਰ ਨੇ ਖੁੱਲ੍ਹ ਕੇ ਸਾਲੇਹ ਦਾ ਸਮਰਥਨ ਕਰ ਦਿੱਤਾ ਹੈ।
ਤਾਜਿਕਸਤਾਨ ਅਫਗਾਨਿਸਤਾਨ ਨਾਲ ਜੁੜਿਆ ਦੇਸ਼ ਹੈ ਤੇ ਸਾਲੇਹ ਵੀ ਤਾਜਿਕ ਮੂਲ ਦੇ ਹਨ। ਇਸ ਐਲਾਨ ਤੋਂ ਬਾਅਦ ਤਾਲਿਬਾਨ ਦਾ ਪਾਰਾ ਚੜ੍ਹਨਾ ਤੈਅ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਸ਼ਰਫ ਗਨੀ ਦੇ ਦੇਸ਼ ਛੱਡ ਕੇ ਭੱਜ ਜਾਣ ਤੋਂ ਬਾਅਦ ਅਮਰੁੱਲਾ ਸਾਲੇਹ ਨੇ ਖੁਦ ਨੂੰ ਅਫਗਾਨਿਸਤਾਨ ਦਾ ਰਾਸ਼ਟਰਪਤੀ ਐਲਾਨ ਕਰ ਦਿੱਤਾ ਸੀ। ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ’ਤੇ ਵੀ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਨ੍ਹਾਂ ਨਾਲ ਬਹਿਸ ਕਰਨਾ ਹੁਣ ਬੇਕਾਰ ਹੈ।
ਸਾਲੇਹ ਨੇ ਨਾਰਦਰਨ ਅਲਾਇੰਸ ਵਾਂਗ ਅਫਗਾਨ ਨਾਗਰਿਕਾਂ ਨਾਲ ਤਾਲਿਬਾਨ ਦੇ ਵਿਰੋਧ ’ਚ ਖੜ੍ਹੇ ਹੋਣ ਦੀ ਵੀ ਅਪੀਲ ਕੀਤੀ ਹੈ। ਅਮਰੁੱਲ੍ਹਾ ਸਾਲੇਹ ਨੇ ਟਵੀਟ ਕਰ ਕੇ ਕਿਹਾ ਕਿ ਅਫਗਾਨਿਸਤਾਨ ਦੇ ਸੰਵਿਧਾਨ ਦੇ ਅਨੁਸਾਰ ਰਾਸ਼ਟਰਪਤੀ ਦੀ ਗੈਰ-ਮੌਜੂਦਗੀ, ਪਲਾਇਨ, ਅਸਤੀਫਾ ਜਾਂ ਮੌਤ ’ਤੇ ਉਪ ਰਾਸ਼ਟਰਪਤੀ ਕਾਰਜਕਾਰੀ ਰਾਸ਼ਟਰਪਤੀ ਬਣ ਜਾਂਦਾ ਹੈ। ਮੈਂ ਮੌਜੂਦਾ ਸਮੇਂ ’ਚ ਆਪਣੇ ਦੇਸ਼ ਦੇ ਅੰਦਰ ਹਾਂ ਤੇ ਜਾਇਜ਼ ਦੇਖਭਾਲ ਕਰਨ ਵਾਲਾ ਰਾਸ਼ਟਰਪਤੀ ਹਾਂ। ਮੈਂ ਸਾਰੇ ਨੇਤਾਵਾਂ ਤੋਂ ਉਨ੍ਹਾਂ ਦੇ ਸਮਰਥਨ ਤੇ ਆਮ ਸਹਿਮਤੀ ਲਈ ਸੰਪਰਕ ਕਰ ਰਿਹਾ ਹਾਂ।